CM ਮਾਨ ਦਾ ਵੱਡਾ ਬਿਆਨ, ਕਾਨੂੰਨ ਸਭ ਲਈ ਇੱਕ, ਚਾਹੇ ਉਹ ਮੇਰਾ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ

02/23/2023 6:32:14 PM

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਬਠਿੰਡਾ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਸਬੰਧੀ ਸੋਸ਼ਲ ਮੀਡੀਆ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਵਿਰੁੱਧੀ ਮੁਹਿੰਮ ਅਤੇ ਵੱਡੇ ਅੰਦੋਲਨ 'ਚੋਂ ਨਿਕਲਣ ਵਾਲੀ ਪਾਰਟੀ ਹੈ ਅਤੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਰੱਖਦੀ ਹੈ। ਉਨ੍ਹਾਂ ਆਖਿਆ ਕਿ ਚੋਣਾਂ ਤੋਂ ਪਹਿਲਾਂ ਜਦੋਂ ਅਸੀਂ ਪੰਜਾਬ 'ਚ ਕੇਜਰੀਵਾਲ ਜੀ ਦੀ ਅਗਵਾਈ 'ਚ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨੂੰ ਗਾਰੰਟੀ ਦਿੱਤੀਆਂ ਸਨ ਕਿ ਪੰਜਾਬ ਦੇ ਦਫ਼ਤਰਾਂ 'ਚ ਜਾਂ ਕਿਤੇ ਹੋਰ ਭ੍ਰਿਸ਼ਟਾਚਾਰ ਨਾਲ ਸਬੰਧਿਤ ਸ਼ਿਕਾਇਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ, ਕੀਤਾ ਇਹ ਖ਼ੁਲਾਸਾ

ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜੋ ਮੁੰਹਿਮ ਤਹਿਤ ਇਕ ਟੋਲ ਫ੍ਰੀ ਨੰਬਰ ਜਾਰੀ ਕੀਤਾ ਸੀ, ਸਰਕਾਰ ਨੂੰ ਉਸ 'ਤੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਤੇ ਅਸੀਂ ਉਨ੍ਹਾਂ ਤਹਿਤ ਕਾਰਵਾਈ ਕਰਦਾ ਹਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਭਾਵੇਂ ਉਹ ਕਿਸੇ ਵੀ ਅਹੁਦੇ 'ਤੇ ਤਾਇਨਾਤ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਜੇਲ੍ਹਾਂ ਸਨ ਅਤੇ ਕਈਆਂ ਦੇ ਖ਼ਿਲਾਫ਼ ਕੇਸ ਚੱਲ ਰਿਹਾ ਹੈ। ਮਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਵਿਅਕਤੀ, ਜੋ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਲੋਕਾਂ ਦਾ ਪੈਸਾ ਖਾਵੇਗਾ, ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਜਦੋਂ ਵੀ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲੈਂਦੇ ਹਾਂ, ਉਸ ਵੇਲੇ ਅਸੀਂ ਪਾਰਟੀ ਨਹੀਂ ਦੇਖਦੇ ਅਤੇ ਨਾ ਹੀ ਇਹ ਦੇਖਦੇ ਹਾਂ ਉਹ ਕਿਸ ਅਹੁਦੇ 'ਤੇ ਹੈ। ਫਿਰ ਚਾਹੇ ਉਹ ਆਪਣਾ ਜਾਂ ਬੇਗਾਨਾ ਹੀ ਕਿਉਂ ਨਾ ਹੋਵੇ, ਸਾਡੇ ਵਾਸਤੇ ਕਾਨੂੰਨ ਇਕੋ ਜਿਹਾ ਹੈ ਅਤੇ ਕਾਨੂੰਨ ਦੀ ਨਜ਼ਰ 'ਚ ਸਾਰੇ ਇਕ ਹਨ।

ਇਹ ਵੀ ਪੜ੍ਹੋ- 'ਆਪ' ਵਿਧਾਇਕ ਦੀ ਗ੍ਰਿਫ਼ਤਾਰੀ 'ਤੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਦਿੱਤੀਆਂ ਇਹ ਪ੍ਰਤੀਕਿਰਿਆਂਵਾਂ

ਮਾਨ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ 'ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਰਕਾਰ ਨੇ ਆਪਣੇ ਮੰਤਰੀ ਜਾਂ ਵਿਧਾਇਕ ,ਜਦੋਂ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਲਾਗੂ ਕਰ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਕਿਉਂਕਿ ਜੇ ਹੁੰਦਾ ਵੀ ਸੀ ਤਾਂ ਉਸ ਨੂੰ ਦੱਬ ਦਿੱਤਾ ਜਾਂਦਾ ਸੀ। ਇਸ ਲਈ 'ਆਪ' ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿ ਕੋਈ ਵੀ ਪੰਜਾਬੀਆਂ ਦਾ ਪੈਸਾ ਖਾਵੇ।ਮਾਨ ਨੇ ਦੱਸਿਆ ਕਿ ਪਹਿਲਾਂ ਜੋ ਘਪਲੇ ਹੋਏ ਹਨ ਉਨ੍ਹਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਅਤੇ ਜੋ ਹੁਣ ਵੀ ਹੋ ਰਹੇ ਹਨ ਉਨ੍ਹਾਂ ਖ਼ਿਲਾਫ਼ ਵੀ ਐਕਸ਼ਨ ਲਿਆ ਜਾ ਰਿਹਾ ਹੈ। ਮਾਨ ਨੇ ਫਿਰ ਦੋਹਰਿਆ ਕਿ ਚਾਹੇ ਕੋਈ ਮੇਰਾ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ, ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਹੈ ਅਤੇ ਬਖ਼ਸ਼ਿਆ ਨਹੀਂ ਜਾਵੇ। ਪੰਜਾਬ ਦੇ 3 ਕਰੋੜ ਲੋਕਾਂ ਨੇ ਜੋ ਸਾਡੇ 'ਤੇ ਵਿਸ਼ਵਾਸ ਕੀਤਾ ਹੈ, ਉਹ ਵਿਸ਼ਵਾਸ ਹੀ ਸਾਡੇ ਹੌਂਸਲੇ ਬੁਲੰਦ ਰੱਖਦਾ ਹੈ ਅਤੇ ਅਸੀਂ ਉਨ੍ਹਾਂ ਦੀਆਂ ਉਮੀਦਾਂ ਟੁੱਟਣ ਨਹੀਂ ਦੇਵਾਂਗੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto