ਜ਼ਿਲਾ ਪ੍ਰਸ਼ਾਸਨ ਤੋਂ ਬੰਦ ਪਈਆਂ ਸਟਰੀਟ ਲਾਇਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਾਉਣ ਦੀ ਕੀਤੀ ਮੰਗ

09/23/2017 2:31:08 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹਿਰ ਦੀਆਂ ਪ੍ਰਮੁੱਖ ਸੜਕਾਂ 'ਤੇ ਸਟਰੀਟ ਲਾਇਟਾਂ ਦੀ ਠੀਕ ਢੰਗ ਨਾਲ ਸੰਭਾਲ ਨਾ ਹੋਣ ਕਾਰਨ ਇਹ ਸਟਰੀਟ ਲਾਇਟਾਂ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਦੇਖੀਆ ਜਾ ਰਹੀਆਂ ਹਨ, ਜਿਵੇਂ ਸਥਾਨਕ ਮਲੋਟ ਰੋਡ 'ਤੇ ਗੋਨਿਆਣਾ ਮਾਈਨਰ ਤੋਂ ਲੈ ਕੇ ਰਾਧਾ ਸਵਾਮੀ ਸਤਿਸੰਗ ਘਰ ਤੱਕ 32 ਪੁਆਇੰਟ ਪਿਛਲੇ 15 ਸਾਲਾਂ ਤੋਂ ਬੰਦ ਪਏ ਹਨ। ਇਸੇ ਤਰ੍ਹਾਂ ਸਥਾਨਕ ਕੋਟਕਪੂਰਾ ਰੋਡ 'ਤੇ ਸਰਕਾਰੀ ਕਾਲਜ ਤੋਂ ਲੈ ਕੇ ਜੀ. ਕੇ. ਰਿਜੋਰਟ ਤੱਕ 24 ਪੁਆਇੰਟ ਸਮੇਤ ਖੰਬੇ ਪਿਛਲੇ 6 ਸਾਲਾਂ ਤੋਂ ਗਾਇਬ ਹਨ।

ਮਲੋਟ ਰੋਡ ਬੱਸ ਸਟੈਂਡ ਤੋਂ ਨਵੀਂ ਦਾਣਾ ਮੰਡੀ (ਬਾਈਪਾਸ) 'ਤੇ 54 ਪੁਆਇੰਟ ਹਨ ਜਿਨ੍ਹਾਂ 'ਚੋਂ ਬੜੀ ਮੁਸ਼ਕਿਲ ਨਾਲ ਲਗਭਗ 10 ਤੋਂ 15 ਪੁਆਇੰਟ ਹੀ ਜਗਦੇ ਹਨ, ਜਦਕਿ ਬਠਿੰਡਾ ਰੋਡ ਦੇ ਸਾਰੇ ਪੁਆਇੰਟ ਬੰਦ ਪਏ ਸਨ, ਜੋ ਹੁਣ ਵੱਖ-ਵੱਖ ਉਚਾਈ ਅਤੇ ਵੱਖ-ਵੱਖ ਡਿਜਾਇਨ ਦੇ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਡਾ. ਕੇਹਰ ਸਿੰਘ ਮਾਰਗ ਤੋਂ ਮਲੋਟ ਰੋਡ (ਬਾਈਪਾਸ) 'ਤੇ 44 ਪੁਆਇੰਟ ਹਨ, ਜਿਨ੍ਹਾਂ 'ਚੋਂ ਕਰੀਬ ਅੱਧੇ ਤੋਂ ਜ਼ਿਆਦਾ ਬੰਦ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ ਟਰੰਬਲਰ ਖੰਬੇ ਗਾਇਬ /ਹੈਡ ਲਾਇਟਾਂ ਗਾਇਬ/ਟੇਢੇ-ਮੇਢੇ ਖੰਬੇ ਹੋਣ ਕਾਰਨ ਤਰਸਯੋਗ ਹਾਲਤ ਬਣੀ ਹੋਈ ਹੈ। ਸ਼ਹਿਰ 'ਚ 22 ਹਾਈਮਾਸਕ ਲਾਇਟਾਂ ਦੇ ਟਾਈਮਰ ਖਰਾਬ ਹਨ। ਕਈ ਮੁਹੱਲਿਆਂ /ਗਲੀਆਂ ਵਿਚ ਲਗਾਤਾਰ 5-7 ਸਟਰੀਟ ਲਾਇਟਾਂ ਬੰਦ ਹੋਣ ਕਾਰਨ ਖੇਤਰ 'ਚ ਰਾਤ ਸਮੇਂ ਹਨੇਰਾ ਹੀ ਹਨੇਰਾ ਰਹਿੰਦਾ ਹੈ। ਸ਼ਹਿਰ 'ਚ ਕਈ ਗਲੀਆਂ ਦੀ ਚੌੜਾਈ ਘੱਟ ਹੋਣ ਕਾਰਨ ਇਕੋਂ ਸਮੇਂ 2-3 ਵਿਅਕਤੀ ਹੀ ਲੰਘ ਸਕਦੇ ਹਨ ਪਰ ਹਨੇਰਾ ਹੋਣ ਕਾਰਨ ਅਵਾਰਾ ਫਿਰਦੇ ਪਸ਼ੂਆਂ ਦਾ ਕੋਈ ਪਤਾ ਨਹੀਂ ਲਗਦਾ ਅਤੇ ਕਿਸੇ ਵੇਲੇ ਵੀ ਕੋਈ ਵੱਡਾ ਦੁਖਾਂਤ ਵਾਪਰ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵਲੋਂ ਅਸੈਲਰੇਟਡ ਪਾਵਰ ਡਿਵੈਲਪਮੈਂਟ ਐਂਡ ਰਿਫਾਰਮਜ਼ ਪ੍ਰੋਗਰਾਮ ਅਧੀਨ ਲਗਭਗ 50 ਕਰੋੜ ਰੁਪਏ ਬਿਜਲੀ ਸੁਧਾਰ ਦੇ ਨਾਮ 'ਤੇ ਖਰਚ ਕੀਤੇ ਜਾ ਰਹੇ ਹਨ ਪਰ ਨਵੇਂ ਪੋਲਜ਼ ਦੇ ਬਦਲੇ ਜੋ ਪੁਰਾਣੇ ਪੁਲਜ਼ ਉਤਾਰੇ ਜਾਂਦੇ ਹਨ, ਉਹ ਠੇਕੇਦਾਰ ਦੇ ਕਰਿੰਦੇ ਸਟਰੀਟ ਲਾਈਟਾਂ ਦੇ ਨਾਲ ਹੀ ਲੈ ਜਾਂਦੇ ਹਨ। ਪਾਵਰ ਕਾਰਪੋਰਸ਼ਨ ਅਤੇ ਪਰਿਸ਼ਦ ਦੇ ਠੇਕੇਦਾਰ ਆਪਣੀ-ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਜਿਸ ਦਾ ਖਮਿਆਜਾ ਆਮ ਸ਼ਹਿਰੀਆਂ ਨੂੰ ਭੁਗਤਨਾ ਪੈ ਰਿਹਾ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ (ਰਜਿ.) ਦੇ ਜ਼ਿਲਾ. ਪ੍ਰਧਾਨ ਸ਼ਾਮ ਲਾਲ ਗੋਇਲ, ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾ ਆਦਿ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸਾਰੀਆਂ ਬੰਦ ਪਈਆਂ ਸਟਰੀਟ ਲਾਇਟਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਹੋ ਸਕੇ।