ਬੰਦ ਸੀਵਰੇਜ ਨੇ ਖੋਲ੍ਹੀ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਦੀ ਪੋਲ

07/04/2018 1:46:05 AM

ਅੰਮ੍ਰਿਤਸਰ,  (ਵਡ਼ੈਚ)-  ਗੁਰੂ ਨਗਰੀ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਲਗਭਗ ਸਾਰੀਆਂ ਸਡ਼ਕਾਂ ’ਤੇ ਪਾਣੀ ਖਡ਼੍ਹਾ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ, ਉਥੇ ਸਡ਼ਕਾਂ ’ਤੇ ਖਡ਼੍ਹੇ ਪਾਣੀ ਨੇ ਨਿਗਮ ਦੀ ਮਾਡ਼ੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੇ ਸਮੂਹ ਸੀਵਰੇਜ ਸਿਸਟਮ ਦੀ ਸਫਾਈ ਲਈ ਡੀ-ਸਿਲਟਿੰਗ ਦੇ ਦਾਅਵੇ ਕਰਨ ਵਾਲੇ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਸੋਨਾਲੀ ਗਿਰੀ ਤੇ ਵਿਭਾਗ ਦੇ ਅਧਿਕਾਰੀ ਸ਼ਹਿਰ ਵਾਸੀਆਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਵਿਚ ਫਿਲਹਾਲ ਕਾਮਯਾਬ ਨਹੀਂ ਹੋ ਸਕੇ। 
ਸੋਮਵਾਰ ਰਾਤ ਤੋਂ ਜਾਰੀ ਮੀਂਹ ਕਾਰਨ ਗਲੀਆਂ, ਸਡ਼ਕਾਂ ’ਤੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗ ਪਿਆ। ਮਾਨਸੂਨ ਆਉਣ ਤੋਂ ਪਹਿਲਾਂ ਨਿਗਮ ਦਾ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਸੀਵਰੇਜ ਦੀ ਸਫਾਈ ਨਹੀਂ ਕਰਵਾ ਸਕਿਆ, ਜਿਸ ਕਰ ਕੇ ਬਰਸਾਤ ਦੇ ਪਾਣੀ ਨੂੰ ਸੀਵਰੇਜ ਪਾਈਪਾਂ ਵਿਚ ਲਿਜਾਣ ਲਈ ਮੇਨ ਸੀਵਰੇਜ ਸਫੈਦ ਹਾਥੀ ਦੀ ਤਰ੍ਹਾਂ ਨਜ਼ਰ ਆਇਆ। 
ਵਾਰਡਾਂ ’ਚ ਲੋਕਾਂ ਨੂੰ ਆਈਆਂ ਭਾਰੀ ਮੁਸ਼ਕਿਲਾਂ : ਸ਼ਹਿਰ ਦੇ 85 ਵਾਰਡਾਂ ’ਚੋਂ ਜ਼ਿਆਦਾਤਰ ਵਾਰਡਾਂ ਦੇ ਲੋਕਾਂ ਨੂੰ ਬਰਸਾਤ ਦਾ ਪਾਣੀ ਗਲੀਆਂ, ਸਡ਼ਕਾਂ ’ਤੇ ਖਡ਼੍ਹਾ ਹੋਣ ਕਰ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਨਿਗਮ ਹਾਊਸ ਵਿਚ ਵੱਖ-ਵੱਖ ਕੌਂਸਲਰਾਂ ਨੇ ਬੰਦ ਸੀਵਰੇਜਾਂ ਨੂੰ ਖੋਲ੍ਹਣ ਲਈ ਡੀ-ਸਿਲਟਿੰਗ ਕਰਵਾਉਣ ਦੇ ਮੁੱਦਿਆਂ ਸਬੰਧੀ ਅਾਵਾਜ਼ ਬੁਲੰਦ ਕੀਤੀ ਪਰ ਨਗਰ ਨਿਗਮ ਸਮੂਹ ਵਾਰਡਾਂ ਦੇ ਸੀਵਰੇਜ ਸਿਸਟਮ ਦੀ ਸਫਾਈ ਵਿਚ ਫਾਡੀ ਰਿਹਾ। ਬਰਸਾਤ ਦੇ ਖਡ਼੍ਹੇ ਪਾਣੀ ਕਾਰਨ ਲੋਕਾਂ ਨੂੰ ਆਪਣੇ ਕੰਮਕਾਜ ਤੇ ਬੱਚਿਆਂ ਨੂੰ ਸਕੂਲਾਂ ਲਈ ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।  
ਸੁਪਰ ਸਕਸ਼ਨ ਮਸ਼ੀਨ ਨਹੀਂ ਦਿਖਾ ਸਕੀ ਕਮਾਲ : ਮਹਾਨਗਰ ’ਚ ਸੀਵਰੇਜ ਦੀ ਸਫਾਈ ਲਈ ਨਗਰ ਨਿਗਮ ਦੀ ਸੁਪਰ ਸਕਸ਼ਨ ਮਸ਼ੀਨ ਵੀ ਆਪਣਾ ਕਮਾਲ ਨਹੀਂ ਦਿਖਾ ਸਕੀ। ਹਰ ਸਾਲ ਦੀ ਤਰ੍ਹਾਂ ਨਿਗਮ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਕਰਵਾਉਣ ਦੇ ਦਾਅਵੇ ਤੇ ਵਾਅਦੇ ਕਰਦਾ ਹੈ ਪਰ ਮਸ਼ੀਨ ਪੂਰੇ ਸ਼ਹਿਰ ਨੂੰ ਸਾਫ ਕਰਨ ਵਿਚ ਅਸਮਰੱਥ ਹੈ। ਫੰਡਾਂ ਦੀ ਕਮੀ ਕਾਰਨ ਸ਼ਹਿਰ ਦਾ ਦਾਇਰਾ ਵੱਡਾ ਹੋਣ ਕਰ ਕੇ ਸੁਪਰ ਸਕਸ਼ਨ ਮਸ਼ੀਨਾਂ ਦੀ ਕਮੀ ਸਾਫ ਨਜ਼ਰ ਆ ਰਹੀ ਹੈ। ਦੂਸਰੇ ਪਾਸੇ ਸ਼ਹਿਰ ਦੇ ਵਾਰਡਾਂ ਦੇ ਮੁਕਾਬਲੇ ਸੀਵਰੇਜ ਦੀ ਸਫਾਈ ਕਰਨ ਲਈ ਨਿਗਮ, ਸਰਕਾਰ ਤੇ ਕਮੇਟੀਆਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ।
ਮੇਨ ਸੀਵਰੇਜ ਦੀ ਨਹੀਂ ਹੋ ਸਕੀ ਸਫਾਈ : ਵਾਰਡਾਂ ਦੇ ਛੋਟੇ ਇਲਾਕਿਆਂ ਦੇ ਸੀਵਰੇਜ ਦਾ ਪਾਣੀ ਜਿਨ੍ਹਾਂ ਵੱਡੀਆਂ ਮੇਨ ਪਾਈਪਾਂ ਵਿਚ ਜਾਂਦਾ ਹੈ, ਉਨ੍ਹਾਂ ਦੀ ਸਫਾਈ ਨਹੀਂ ਹੋ ਸਕੀ। ਮਹਾਨਗਰ ਵਿਚ ਕਰੀਬ 120 ਕਿਲੋਮੀਟਰ ਸੀਵਰੇਜ ਦੀਆਂ ਮੇਨ ਪਾਈਪਾਂ ਦੀ ਸਫਾਈ ਨਾ ਹੋਣ ਕਾਰਨ ਜ਼ਿਆਦਾਤਰ ਸੀਵਰੇਜ ਬੰਦ ਹੈ। 24 ਅਤੇ 36 ਇੰਚ ਦੀਆਂ ਮੇਨ ਪਾਈਪਾਂ ਬੰਦ ਹੋਣ ਕਾਰਨ ਇਲਾਕਿਆਂ ਦੇ ਛੋਟੇ ਸੀਵਰੇਜ ਦੀਆਂ ਪਾਈਪਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਕਾਫੀ ਸਮੇਂ ਤੱਕ ਪਾਣੀ ਖਡ਼੍ਹਾ ਰਿਹਾ।
ਆਮ ਵਿਅਕਤੀ ਹੋਇਆ ਪ੍ਰੇਸ਼ਾਨ : ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਲਈ ਰੋਟੀ ਕਮਾਉਣ ਵਾਲਾ ਆਮ ਵਿਅਕਤੀ ਬਾਰਿਸ਼ ਕਾਰਨ ਬੇਹੱਦ ਪ੍ਰੇਸ਼ਾਨ ਨਜ਼ਰ ਆਇਆ। ਬਾਰਿਸ਼ ਵਿਚ ਰਾਜਗਿਰੀ ਮਿਸਤਰੀਆਂ ਤੇ ਮਜ਼ਦੂਰਾਂ ਦਾ ਕੰਮ ਬੰਦ ਰਿਹਾ, ਉਥੇ ਸਡ਼ਕਾਂ ਤੇ ਬਾਜ਼ਾਰਾਂ ਵਿਚ ਰੇਹਡ਼ੀਆਂ ਤੇ ਫਡ਼੍ਹੀਆਂ ’ਤੇ ਸਾਮਾਨ ਵੇਚਣ ਵਾਲੇ ਮਜ਼ਦੂਰਾਂ ਦਾ ਸਾਮਾਨ ਨਹੀਂ ਵਿਕ ਸਕਿਆ। ਪਾਣੀ ’ਚ ਖਡ਼੍ਹੀਆਂ ਰੇਹਡ਼ੀਆਂ ’ਤੇ ਲਾਏ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਨਾ ਹੋਣ ਕਾਰਨ ਰੇਹਡ਼ੀਆਂ ਵਾਲੇ ਕਾਫੀ ਮਾਯੂਸ ਰਹੇ।