ਭਾਰਤ ਬੰਦ : ਜਨਰਲ ਸਮਾਜ ਤੇ ਦਲਿਤ ਆਗੂਆਂ ''ਚ ਟਕਰਾਅ ਟਲਿਆ

04/11/2018 3:05:49 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਜਨਰਲ ਸਮਾਜ ਵੱਲੋਂ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ 'ਚ ਰਾਖਵੇਂਕਰਨ ਦੇ ਵਿਰੋਧ 'ਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਕਾਫ਼ੀ ਹੁੰਗਾਰਾ ਮਿਲਿਆ। ਸ਼ਹਿਰ 'ਚ ਕੁਝ ਲੋਕਾਂ ਨੇ ਖੁਦ ਹੀ ਦੁਕਾਨਾਂ ਬੰਦ ਰੱਖੀਆਂ ਪਰ ਜਨਰਲ ਸਮਾਜ ਦੀ ਅਗਵਾਈ ਕਰ ਰਹੇ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ, ਦੀਪਕ ਭਾਰਦਵਾਜ, ਕਾਂਗਰਸੀ ਆਗੂ ਰਾਮ ਕੁਮਾਰ ਚੱਢਾ ਦੀ ਅਗਵਾਈ 'ਚ ਲੋਕਾਂ ਦਾ ਕਾਫ਼ਲਾ ਕਈ ਬਾਜ਼ਾਰਾਂ 'ਚੋਂ ਮਾਰਚ ਕਰਦਾ ਲੰਘਿਆ, ਜਿਨ੍ਹਾਂ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ।

 ਮਾਹੌਲ ਉਸ ਸਮੇਂ ਤਣਾਅ ਪੂਰਵਕ ਹੋ ਗਿਆ ਜਦੋਂ ਦੁਕਾਨਾਂ ਬੰਦ ਕਰਵਾ ਰਹੇ ਜਨਰਲ ਸਮਾਜ ਦੇ ਆਗੂਆਂ ਦਾ ਜਰਨੈਲ ਨੰਗਲ ਦੀ ਅਗਵਾਈ 'ਚ ਦਲਿਤ ਧਿਰਾਂ ਦੇ ਲੋਕਾਂ ਨੇ ਸਿਨੇਮਾ ਰੋਡ 'ਤੇ ਇਕੱਠੇ ਹੋ ਕੇ ਵਿਰੋਧ ਕੀਤਾ ਅਤੇ ਦੋਸ਼ ਲਾਇਆ ਕਿ ਕੁਝ ਲੋਕ ਸਮਾਜਕ ਦੰਗੇ ਕਰਵਾਉਣ ਲਈ ਜਬਰੀ ਦੁਕਾਨਾਂ ਬੰਦ ਕਰਵਾ ਰਹੇ ਹਨ, ਜਿਨ੍ਹਾਂ ਦੇ ਵਿਰੋਧ 'ਚ ਉਹ ਇਕੱਠੇ ਹੋਏ ਹਨ ਅਤੇ ਇਸ ਸਬੰਧੀ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
 ਇਨ੍ਹਾਂ ਦੋਵਾਂ ਧਿਰਾਂ ਦੀ ਆਪਸੀ ਤਕਰਾਰ ਰੋਕਣ ਲਈ ਐੱਸ. ਪੀ. ਪਰਮਿੰਦਰ ਸਿੰਘ ਭੰਡਾਲ ਅਤੇ ਐੱਸ. ਡੀ. ਐੱਮ. ਜੋਤੀ ਬਾਲਾ ਨੇ ਸਿਨੇਮਾ ਰੋਡ ਅਤੇ ਗੁੜ ਮੰਡੀ 'ਚ ਇਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਅਮਨ-ਅਮਾਨ ਨਾਲ ਇਹ ਬੰਦ ਸ਼ਾਂਤੀਪੂਰਨ ਢੰਗ ਨਾਲ ਹੀ ਸਮਾਪਤ ਹੋ ਗਿਆ।