CM ਮਾਨ ਗੋਲਡੀ ਬਰਾੜ ਨੂੰ ਹਿਰਾਸਤ ’ਚ ਲੈਣ ਦੇ ਦਾਅਵੇ ’ਤੇ ਸਥਿਤੀ ਕਰਨ ਸਪੱਸ਼ਟ : ਮਜੀਠੀਆ

12/05/2022 2:10:39 AM

ਚੰਡੀਗੜ੍ਹ (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਨ੍ਹਾਂ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ’ਚ ਅਮਰੀਕੀ ਏਜੰਸੀਆਂ ਵੱਲੋਂ ਹਿਰਾਸਤ ’ਚ ਲੈਣ ਤੇ ਫਿਰ ਉਸ ਨੂੰ ਛੇਤੀ ਪੰਜਾਬ ਲਿਆਉਣ ਦੇ ਦਾਅਵੇ ਬਾਰੇ ਝੂਠ ਕਿਉਂ ਬੋਲਿਆ। ਇਥੇ ਜਾਰੀ ਕੀਤੇ ਇਕ ਬਿਆਨ ’ਚ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਜਰਾਤ ’ਚ ਸਨਸਨੀਖੇਜ਼ ਦਾਅਵਾ ਕਿ ਗੋਲਡੀ ਬਰਾੜ ਨੂੰ ਅਮਰੀਕਾ ’ਚ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜਿਸ ਨੂੰ 48 ਘੰਟੇ ਤੋਂ ਵੱਧ ਬੀਤ ਗਏ ਹਨ। ਉਨ੍ਹਾਂ ਨੇ ਇਹ ਬਿਆਨ ਸੂਬੇ ਦੇ ਮੁਖੀ ਵਜੋਂ ਦਿੱਤਾ ਸੀ ਪਰ 48 ਘੰਟੇ ਬੀਤਣ ਮਗਰੋਂ ਵੀ ਗੋਲਡੀ ਬਰਾੜ ਨੂੰ ਹਿਰਾਸਤ ’ਚ ਲੈਣ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ। ਪੰਜਾਬ ਦੇ ਡੀ. ਜੀ. ਪੀ. ਅਤੇ ਕੇਂਦਰੀ ਏਜੰਸੀਆਂ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਦਾਅਵੇ ਦੀ ਪੁਸ਼ਟੀ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ

ਮਜੀਠੀਆ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਾਅਵਾ ਉਨ੍ਹਾਂ ਦੇ ਪਹਿਲਾਂ ਕੀਤੇ ਝੂਠੇ ਦਾਅਵਿਆਂ ਵਰਗਾ ਹੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਦਾਅਵੇ ਦਾ ਮਕਸਦ ਗੁਜਰਾਤੀਆਂ ਨੂੰ ਇਸ ਗੱਲ ਲਈ ਰਾਜ਼ੀ ਕਰਨਾ ਸੀ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਬਿਲਕੁਲ ਠੀਕ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗੁਜਰਾਤ ’ਚ ਕੀਤੇ ਦਾਅਵਿਆਂ ਤੋਂ ਪੰਜਾਬੀ ਹੈਰਾਨ ਹਨ। ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਦੀਆਂ ਕਾਰਵਾਈਆਂ ਤੋਂ ਜਿਹੜੇ ਪਰਿਵਾਰ ਪ੍ਰਭਾਵਿਤ ਹੋਏ ਹਨ, ਉਹ ਉਨ੍ਹਾਂ ਦੇ ਦਾਅਵੇ ’ਤੇ ਵਿਸ਼ਵਾਸ ਕਰ ਰਹੇ ਸਨ ਕਿਉਂਕਿ ਉਨ੍ਹਾਂ ਦੀਆਂ ਭਾਵਨਾਵਾਂ ਇਸ ਮੁੱਦੇ ਨਾਲ ਜੁੜੀਆਂ ਹਨ। ਹੁਣ ਜਦੋਂ ਉਨ੍ਹਾਂ ਦਾ ਦਾਅਵਾ ਝੂਠਾ ਤੇ ਗੁੰਮਰਾਹਕੁੰਨ ਨਿਕਲਿਆ ਹੈ ਤਾਂ ਇਹ ਪਰਿਵਾਰ ਇਕ ਵਾਰ ਫਿਰ ਤੋਂ ਪੀੜਾ ਦੇ ਇਕ ਹੋਰ ਦੌਰ ’ਚੋਂ ਲੰਘੇ ਹਨ ਕਿਉਂਕਿ ਇਨ੍ਹਾਂ ਨੇ ਆਪਣੇ ਪਰਿਵਾਰਕ ਜੀਅ ਗੁਆਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਹ ਸੂਚਨਾ ਕਿਵੇਂ ਮਿਲੀ ਕਿ ਗੋਲਡੀ ਬਰਾੜ ਅਮਰੀਕਾ ’ਚ ਹਿਰਾਸਤ ਵਿਚ ਲਿਆ ਗਿਆ ਹੈ? ਕੀ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੀ ਜਾਣਕਾਰੀ ਦਿੱਤੀ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਜਾਂ ਕਿਸੇ ਹੋਰ ਅਮਰੀਕੀ ਅਧਿਕਾਰੀ ਦਾ ਫ਼ੋਨ ਆਇਆ। ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸਸਤੀ ਸ਼ੋਹਰਤ ਹਾਸਲ ਕਰਨ ਵਾਸਤੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਨਹੀਂ ਤਾਂ ਲੋਕਾਂ ’ਚ ਉਨ੍ਹਾਂ ਬਾਰੇ ਧਾਰਨਾ ਪੱਕੀ ਹੋ ਜਾਵੇਗੀ ਇਹ ਤਾਂ ਸਿਰਫ਼ ਝੂਠ ਹੀ ਬੋਲਦੇ ਹਨ।

ਇਹ ਖਬਰ ਵੀ ਪੜ੍ਹੋ : ਖ਼ੁਸ਼ੀਆਂ ਵਿਚਾਲੇ ਪਰਿਵਾਰ ’ਚ ਪਿਆ ਭੜਥੂ, ਦੋ ਔਰਤਾਂ ਨੇ ਫਿਲਮੀ ਅੰਦਾਜ਼ ’ਚ ਨਵਜੰਮਿਆ ਬੱਚਾ ਕੀਤਾ ਚੋਰੀ

Manoj

This news is Content Editor Manoj