ਸਵੱਛਤਾ ਤੇ ਤੰਦਰੁਸਤ ਪੰਜਾਬ ਮੁਹਿੰਮ ਦੀਆਂ ਫਿਰੋਜ਼ਪੁਰ 'ਚ ਉੱਡ ਰਹੀਆਂ ਹਨ ਧੱਜੀਆਂ (ਵੀਡੀਓ)

07/14/2018 5:45:54 PM

ਫਿਰੋਜ਼ਪੁਰ (ਬਿਊਰੋ) - ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਪੂਰੇ ਦੇਸ਼ ਨੂੰ ਸਾਫ ਰੱਖਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਇਸੇ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵਲੋਂ ਵੀ ਪੰਜਾਬ ਨੂੰ ਤੰਦਰੁਸਤ ਰੱਖਣ ਲਈ ਤੰਦਰੁਸਤ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ ਪਰ ਜ਼ਿਲਾ ਪ੍ਰਸ਼ਾਸਨ ਸਰਕਾਰ ਵਲੋਂ ਚਲਾਈਆਂ ਅਜਿਹੀਆਂ ਮੁਹਿੰਮਾਂ ਨੂੰ ਟਿੱਚ ਜਾਣ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਦੀ ਤਾਜਾ ਮਿਸਾਲ ਫਿਰੋਜ਼ਪੁਰ ਦੇ ਪਿੰਡ ਖੁਸ਼ਹਾਲ ਸਿੰਘ ਵਾਲਾ 'ਚ ਬਣੇ ਸਰਕਾਰੀ ਸਕੈਂਡਰੀ ਸਕੂਲ 'ਚ ਦੇਖਣ ਨੂੰ ਮਿਲੀ। ਇਸ ਸਕੂਲ ਦੇ ਅੰਦਰ ਲੰਮੇ ਸਮੇਂ ਤੋਂ ਪਿੰਡ ਦੇ ਛੱਪੜ 'ਚ ਪਸ਼ੂ ਮਰਿਆ ਹੋਇਆ ਹੈ, ਜਿਸ ਦੀ ਬਦਬੂ ਨਾਲ ਸਕੂਲ ਦਾ ਸਟਾਫ ਤੇ ਬੱਚੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। 
ਇਸ ਸਬੰਧੀ ਫਿਰੋਜ਼ਪੁਰ ਦੇ ਡੀ. ਸੀ. ਰਾਮਵੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ 'ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਅੱਖਾਂ ਬੰਦ ਕਰੀ ਬੈਠਾ ਜ਼ਿਲਾ ਪ੍ਰਸ਼ਾਸਨ ਸਕੂਲ ਵਾਲਿਆਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਅਜਿਹੇ ਮਾਮਲਿਆਂ ਤੋਂ ਇਕ ਗੱਲ ਸਪਸ਼ੱਟ ਹੋ ਜਾਂਦੀ ਹੈ ਕਿ ਬੇਸ਼ੱਕ ਸਰਕਾਰਾਂ ਸਵੱਛਤਾ ਤੇ ਤੰਦਰੁਸਤੀ ਦੇ ਨਾਂ 'ਤੇ ਮੁਹਿੰਮਾਂ ਵਿੱਢਣ 'ਚ ਲੱਗੀ ਹੋਈ ਹੈ ਪਰ ਪ੍ਰਸ਼ਾਸਨ ਆਪਣੇ ਕੰਮ ਪ੍ਰਤੀ ਅਵੇਸਲਾ ਹੋਈ ਬੈਠਾ ਹੈ।