ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਸਤਾਉਣ ਲੱਗਾ ਹਡ਼੍ਹ ਦਾ ਡਰ

07/10/2018 5:23:10 AM

ਨਿਹਾਲ ਸਿੰਘ ਵਾਲਾ, ਬਿਲਾਸਪੁਰ, (ਰਣਜੀਤ ਬਾਵਾ)-  ਸਾਲ 2007 ’ਚ ਪਏ ਭਾਰੀ ਮੀਂਹ ਤੋਂ ਬਾਅਦ ਪੰਜਾਬ ਸਰਕਾਰ ਨੇ ਜ਼ਿਲਾ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਡਰੇਨਾਂ ਦੀ ਤੁਰੰਤ ਸਫਾਈ ਕਰਵਾ ਕੇ  ਉਥੋਂ ਨਾਜਾਇਜ਼ ਕਬਜ਼ੇ ਹਟਾਏ ਜਾਣ ਪਰ 12 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਹੈ,  ਜਿਸ ਕਾਰਨ  ਲੋਕਾਂ ਨੂੰ ਇਕ ਵਾਰ ਮੁਡ਼ ਹਡ਼੍ਹ ਦਾ ਡਰ ਸਤਾਉਣ ਲੱਗਾ ਹੈ।  
ਐੱਸ. ਡੀ. ਐੱਮ. ਨੇ ਨਹੀਂ ਚੁੱਕਿਆ ਫੋਨ
 ਇਸ ਸਬੰਧੀ  ਗੱਲ ਬਾਤ  ਕਰਨ  ਲਈ  ਜਦੋਂ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਹੜ੍ਹ ਤੋਂ ਬਚਾਉਣ ਲਈ ਬਣਾਈਆਂ ਡਰੇਨਾਂ  ਬਣੀਆਂ ਆਫਤ
 ਲੋਕਾਂ ਨੂੰ ਮੀਂਹ ਦੇ ਮੌਸਮ ਦੌਰਾਨ ਹਡ਼੍ਹ ਤੋਂ ਬਚਾਉਣ ਲਈ ਬਣਾਈਆਂ ਗਈਆਂ ‘ਡਰੇਨਾਂ’ ਵਿਭਾਗ ਦੀ ਲਾਪ੍ਰਵਾਹੀ ਕਾਰਨ ਖੁਦ ਲੋਕਾਂ ਨੂੰ ਆਫਤ ਵੱਲ ਧੱਕਣ ਲਈ  ਮੂੰਹ ਅੱਡੀ ਖਡ਼੍ਹੀਆਂ ਹਨ। ਪੰਜਾਬ ’ਚੋਂ ਲੰਘਦੀਆਂ ਦੋ ਪ੍ਰਮੁੱਖ ਡਰੇਨਾਂ ‘ਚੰਦ ਭਾਨ’ ਅਤੇ ‘ਜਵਾਹਰ ਸਿੰਘ ਵਾਲਾ-ਪੱਤੋ’ ਦੀ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਇਸ ਹਲਕੇ ਦੇ ਕਈ ਪਿੰਡ ਪਹਿਲਾਂ ਵੀ ਬਾਰਿਸ਼ ਦੇ ਮੌਸਮ ’ਚ ਹੋਈ ਤਬਾਹੀ ਆਪਣੇ ਪਿੰਡੇ ’ਤੇ ਹੰਢਾਅ ਚੁੱਕੇ ਹਨ । 
 ਪਿਛਲੇ ਸਾਲ ਡੁੱਬੀ ਸੀ ਹਜ਼ਾਰਾਂ ਏਕੜ ਝੋਨੇ ਦੀ ਫਸਲ
 ਪਿਛਲੇ ਸਾਲ ਝੋਨੇ ਦੇ ਸੀਜ਼ਨ ਦੌਰਾਨ ਹੋਈ ਭਾਰੀ ਬਾਰਿਸ਼ ਕਾਰਨ ਡਰੇਨ ਦੀ  ਸਫਾਈ ਨਾ ਹੋਣ ਕਾਰਨ ਪਾਣੀ   ਨਾਲ ਪੱਤੋ ਹੀਰਾ ਸਿੰਘ, ਰਾਊਕੇ, ਬੀਡ਼ ਰਾਊਕੇ, ਪੱਖਰਵੱਢ, ਜਵਾਹਰ ਸਿੰਘ ਵਾਲਾ,  ਸਮਾਧ ਭਾਈ, ਲੋਪੋਂ, ਮੱਲੇਆਣਾ ਆਦਿ  ਪਿੰਡਾਂ ਦੀ ਹਜ਼ਾਰਾਂ ਏਕਡ਼ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਅਤੇ ਪਿੰਡਾਂ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਲੋਕਾਂ ਨੇ ਇਨ੍ਹਾਂ ਡਰੇਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ  ਹੋਏ ਹਨ। 
ਕੀ ਕਹਿਣੈ ਹਲਕਾ ਵਿਧਾਇਕ ਦਾ
 ਇਸ ਸਬੰਧੀ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਡਰੇਨ ਦੀ ਸਫਾਈ ਨਾ ਹੋਣ ਕਾਰਨ ਪਿਛਲੇ ਸਾਲ ਵੀ ਕਿਸਾਨਾਂ ਦੀ ਫਸਲ ਵੱਡੀ ਪੱਧਰ ’ਤੇ ਬਰਬਾਦ ਹੋਈ ਸੀ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਇਸ ਵਾਰ ਵੀ ਕਿਸਾਨਾਂ ’ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਡਰੇਨ ਦੀ ਤੁਰੰਤ ਸਫਾਈ ਕਰਵਾਈ ਜਾਵੇ। 
ਗੰਦਗੀ ਨਾਲ ਭਰੀਆਂ ਡਰੇਨਾਂ
 ਸਥਾਨਕ ਹਲਕੇ ਦੇ ਪਿੰਡਾਂ ਦੇ ਕਿਸਾਨਾਂ  ਨੇ ਦੱਸਿਆ ਕਿ ਇਹ ਡਰੇਨਾਂ ਗੰਦਗੀ ਤੇ  ਘਾਹ-ਫੂਸ ਨਾਲ ਭਰੀਆਂ ਹੋਈਆਂ ਹਨ ਅਤੇ ਬਰਸਾਤੀ ਦਿਨਾਂ ਦੌਰਾਨ ਕਿਸੇ ਸਮੇਂ ਵੀ ਕਿਸੇ ਵੱਡੇ ਹਾਦਸੇ ਦਾ ਸਬੱਬ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਅਜੇ ਤੱਕ ਇਨ੍ਹਾਂ ਦੀ ਸਫਾਈ ਵੱਲ ਉੱਕਾ ਹੀ ਧਿਆਨ ਨਹੀਂ ਹੈ। ਉਨ੍ਹਾਂ ਸੂਬਾ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਕਤ ਡਰੇਨਾਂ ਦੀ ਸਫਾਈ ਕਰਵਾਈ ਜਾਵੇ।