ਸਟੇਸ਼ਨ ਇੰਚਾਰਜ ਦੇ ਦਫਤਰ ਸਾਹਮਣੇ ਸਫਾਈ ਕਰਮਚਾਰੀਆਂ ਨੇ ਖਿਲਾਰਿਆ ਕੂੜਾ

04/25/2018 6:21:59 AM

ਜਲੰਧਰ, (ਗੁਲਸ਼ਨ)- ਸਿਟੀ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਸਫਾਈ ਠੇਕੇਦਾਰ ਦੇ ਕਰਮਚਾਰੀਆਂ ਨੇ ਹੜਤਾਲ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਸਟੇਸ਼ਨ ਇੰਚਾਰਜ ਆਰ. ਕੇ. ਬਹਿਲ ਦੇ ਦਫਤਰ ਸਾਹਮਣੇ ਪਲੇਟਫਾਰਮ ਨੰਬਰ 1 ਤੇ 2 'ਤੇ ਕੂੜਾ ਖਿਲਾਰ ਦਿੱਤਾ। ਸਫਾਈ ਕਰਮਚਾਰੀਆਂ ਨੇ ਸਟੇਸ਼ਨ ਦਾ ਚੱਕਰ ਲਾਉਂਦਿਆਂ ਸਫਾਈ ਠੇਕੇਦਾਰ ਅਤੇ ਸੁਪਰਵਾਈਜ਼ਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 3 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਉਹ ਪੈਸੇ-ਪੈਸੇ ਦੇ ਮੋਹਤਾਜ ਹੋ ਰਹੇ ਹਨ। ਸਫਾਈ ਕਰਮਚਾਰੀਆਂ ਨੇ ਕਿਹਾ ਕਿ ਠੇਕੇਦਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰੇਲਵੇ ਤੋਂ ਪੈਸੇ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਦੀ ਤਨਖਾਹ ਰੁਕੀ ਹੋਈ ਹੈ। ਕਰੀਬ ਦੋ ਘੰਟੇ ਤੱਕ ਹੜਤਾਲ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਸਫਾਈ ਕਰਮਚਾਰੀਆਂ ਤੇ ਠੇਕੇਦਾਰ ਦੇ ਕਰਿੰਦਿਆਂ ਨਾਲ ਮੀਟਿੰਗ ਕੀਤੀ ਤੇ ਜਲਦੀ ਹੀ ਸਫਾਈ ਕਰਮਚਾਰੀਆਂ ਨੂੰ ਤਨਖਾਹ ਦਿਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹ ਕੰਮ 'ਤੇ ਪਰਤ ਆਏ।