ਮਾਮਲਾ ਡੇਰਾ ਪ੍ਰੇਮੀਆਂ ਨਾਲ ਟਕਰਾਅ ਦਾ, ਸਿੱਖ ਜੱਥੇਬੰਦੀਆਂ ਦੇ ਆਗੂਆਂ ''ਤੇ ਪਰਚਾ ਦਰਜ

02/20/2017 5:38:21 PM

ਮੱਖੂ (ਵਾਹੀ) : ਬੀਤੇ ਦਿਨ ਮੱਖੂ ਦੇ ਨਜ਼ਦੀਕ ਕੈਨਾਲ ਕਾਲੋਨੀ ''ਚ ਡੇਰਾ ਪ੍ਰੇਮੀਆਂ ਅਤੇ ਸਿੱਖ ਜਥੇਬੰਦੀਆਂ ਵਿੱਚ ਨਾਮ ਚਰਚਾ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸੋਮਵਾਰ ਨੂੰ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ''ਤੇ ਥਾਣਾ ਮੱਖੂ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਥਾਣਾ ਮੱਖੂ ਵਿਖੇ ਪਰਚਾ ਦਰਜ ਕਰਾਉਂਦਿਆਂ ਰਾਜ ਕੁਮਾਰ ਪੁੱਤਰ ਜੱਗ ਲਾਲ ਕੌਮ ਪੰਡਿਤ ਵਾਸੀ ਅੰਮ੍ਰਿਤਸਰ ਰੋਡ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਦੀ 15 ਮੈਂਬਰੀ ਕਮੇਟੀ ਦਾ ਮੈਂਬਰ ਹੈ ਅਤੇ ਉਨ੍ਹਾਂ ਦੀ ਮਹੀਨਾ ਵਾਰੀ ਨਾਮ ਚਰਚਾ ਬਲਾਕ ਮੱਖੂ ਦੀਆਂ ਵੱਖ-ਵੱਖ ਥਾਵਾਂ ''ਤੇ ਹੁੰਦੀ ਹੈ। ਰਾਜਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਵਲੋਂ ਨਾਮ ਚਰਚਾ ਕੈਨਾਲ ਕਾਲੋਨੀ (ਮੱਖੂ) ਵਿਖੇ ਗਲੀ ਵਿੱਚ ਟੈਂਟ ਲਾ ਕੇ ਸ਼ਾਂਤੀਪੂਰਨ ਢੰਗ ਨਾਲ ਕਰਾਈ ਜਾ ਰਹੀ ਸੀ। ਜਦ ਨਾਮ ਚਰਚਾ ਚੱਲ ਰਹੀ ਸੀ ਤਾਂ ਬਾਬਾ ਦਿਲਬਾਗ ਸਿੰਘ ਵਾਸੀ ਆਰਿਫ, ਜਿਨ੍ਹਾਂ ਦੇ ਹੱਥ ''ਚ ਕਿਰਪਾਨ ਸੀ, ਲੱਖਾ ਸਿੰਘ ਪੁੱਤਰ ਝਿਰਮਲ ਸਿੰਘ, ਹੈਪੀ ਪੁੱਤਰ ਅਮਰਜੀਤ, ਗੋਪੀ ਪੁੱਤਰ ਅਮਰਜੀਤ ਵਾਸੀ ਕੈਨਾਲ ਕਾਲੋਨੀ ਨਾਲ ਅੱਗੇ ਵਧਣ ਲੱਗੇ। ਇਨ੍ਹਾਂ ਲੋਕਾਂ ਕੋਲ ਗੰਡਾਸੀਆਂ ਅਤੇ ਡਾਗਾਂ, ਬੇਸਵਾਲ, ਕ੍ਰਿਚ ਆਦਿ ਫੜ੍ਹੇ ਹੋਏ ਸਨ। ਉਕਤ ਲੋਕ ਲਲਕਾਰੇ ਮਾਰਦੇ ਹੋਏ ਟੈਂਟ ਵੱਲ ਵੱਧਣ ਲਗੇ ਅਤੇ ਡੇਰਾ ਪ੍ਰੇਮੀਆਂ ''ਤੇ ਹਮਲਾ ਕਰ ਦਿੱਤਾ। ਰਾਜ ਕੁਮਾਰ ਨੇ ਕਿਹਾ ਕਿ ਇਸ ਘਟਨਾ ਨਾਲ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਮੱਖੂ ''ਚ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Babita Marhas

This news is News Editor Babita Marhas