ਓਮੀਕਰੋਨ ਦੇ ਖ਼ਤਰੇ ਨਾਲ ਨਜਿੱਠਣ ਲਈ ਵਿਭਾਗ ਤਿਆਰ, ਸਿਵਲ ਸਰਜਨ ਨੇ ਕੀਤਾ ਜ਼ਿਲ੍ਹੇ ਦਾ ਦੌਰਾ

12/09/2021 10:45:28 AM

ਮੋਗਾ (ਸੰਦੀਪ ਸ਼ਰਮਾ) : ਨਵ-ਨਿਯੁਕਤ ਸਿਵਲ ਸਰਜਨ ਜ਼ਿਲ੍ਹਾ ਮੋਗਾ ਡਾ. ਹਰਵਿੰਦਰ ਕੌਰ ਨੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਮ. ਸੀ. ਡਾ. ਰਾਜੇਸ਼ ਅੱਤਰੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੁਪਿੰਦਰ ਕੌਰ, ਐੱਸ. ਐੱਮ. ਓ. ਡਾ. ਸੁਖਪ੍ਰੀਤ ਬਰਾੜ ਵੀ ਹਾਜ਼ਰ ਸਨ। ਇਸ ਦੌਰਾਨ ਸਿਵਲ ਸਰਜਨ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦਾ ਨਿਰੀਖਣ ਕਰ ਕੇ ਉੱਥੋਂ ਦੇ ਸਿਸਟਮ ਨੂੰ ਦੇਖਿਆ ਅਤੇ ਇਸ ਵਿਚ ਕੁੱਝ ਸੁਧਾਰ ਕਰਨ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਸਿਵਲ ਹਸਪਤਾਲ ਵਿਚ ਸਥਾਪਿਤ ਕੀਤੇ ਗਏ ਆਕਸੀਜਨ ਪਲਾਂਟ ਦਾ ਨਿਰੀਖਣ ਕਰ ਕੇ ਜਲਦੀ ਹੀ ਇਸ ਦੀ ਸ਼ੁਰੂਆਤ ਕਰਨ ਦੇ ਹੁਕਮ ਦਿੱਤੇ, ਉੱਥੇ ਹੀ ਸਿਵਲ ਸਰਜਨ ਨੇ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਤੰਦਰੁਸਤੀ ਨੂੰ ਦੇਖਦੇ ਹੋਏ ਹਸਪਤਾਲ ਵਿਚ ਵਧੀਆ ਪਲਾਂਟਿੰਗ ਕਰਨ ਦੀ ਵੀ ਹਦਾਇਤ ਦਿੱਤੀ ਤਾਂ ਕਿ ਸਿਵਲ ਹਸਪਤਾਲ ਦਾ ਵਾਤਾਵਰਣ ਪ੍ਰਦੂਸ਼ਿਤ ਰਹਿਤ ਬਣਾਇਆ ਜਾ ਸਕੇ।
ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨਾਲ ਨਜਿੱਠਣ ਲਈ ਵਿਭਾਗ ਤਿਆਰ
ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨਾਲ ਨਜਿੱਠਣ ਲਈ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸਦੇ ਲਈ ਉਨ੍ਹਾਂ ਨੂੰ ਆਮ ਲੋਕਾਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ। ਉਨ੍ਹਾਂ ਜ਼ਿਲਾ ਮੋਗਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਮਾਰੀ ਸਬੰਧੀ ਸੁਚੇਤ ਰਹਿਣ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰੇ ਅਤੇ ਜੋ ਵੀ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਬੀਮਾਰੀ ਤੋਂ ਬਚਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
 

Babita

This news is Content Editor Babita