2 ਵੈਂਟੀਲੇਟਰਾਂ ਲਈ ਐਲਾਨੀ 30 ਲੱਖ ਦੀ ਰਾਸ਼ੀ ਸਿਵਲ ਸਰਜਨ ਤੇ ਡੀ. ਸੀ. ਬਰਨਾਲਾ ਦੇ ਖਾਤਿਆਂ ’ਚ ਪੁੱਜੀ : ਢੀਂਡਸਾ

03/30/2020 2:02:58 AM

ਸੰਗਰੂਰ, (ਸਿੰਗਲਾ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨ ਸਿਵਲ ਹਸਪਤਾਲ ਸੰਗਰੂਰ ਅਤੇ ਬਰਨਾਲਾ ਨੂੰ ਦੋ ਵੈਂਟੀਲੇਟਰ ਖਰੀਦਣ ਲਈ 30 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਅਤੇ ਇਹ ਰਾਸ਼ੀ ਉਕਤ ਦੋਵੇਂ ਜ਼ਿਲਿਆਂ ਦੇ ਸਿਵਲ ਸਰਜਨ ਸੰਗਰੂਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਸਰਕਾਰੀ ਖਾਤਿਆਂ ਵਿਚ ਚਲੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਣ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਅੰਦਰ ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰ ਦੀ ਕਮੀ ਨੂੰ ਦੂਰ ਕਰਨ ਲਈ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਆਪਣੇ ਫੰਡ ’ਚੋਂ 30 ਲੱਖ ਦੀ ਰਾਸ਼ੀ ਦੋਵੇਂ ਜ਼ਿਲਿਆਂ ਨੂੰ ਦੇਣ ਦਾ ਐਲਾਨ ਕੀਤਾ ਸੀ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸੇ ਸਮੇਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪੱਤਰ ਲਿਖ ਕੇ ਦੋਵੇਂ ਜ਼ਿਲਿਆਂ ਵਿਚ 15-15 ਲੱਖ ਦੀ ਰਾਸ਼ੀ ਤੁਰੰਤ ਭੇਜਣ ਲਈ ਕਿਹਾ ਸੀ ਅਤੇ ਹੁਣ ਇਹ ਰਾਸ਼ੀ ਦੋਵੇਂ ਜ਼ਿਲਿਆਂ ਵਿਚ ਚਲੀ ਗਈ ਹੈ, ਇਸ ਨਾਲ ਦੋ ਵੈਂਟੀਲੇਟਰਾਂ ਦੀ ਖਰੀਦ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਐਮਰਜੈਂਸੀ ਸੇਵਾਵਾਂ ਸਮੇਂ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਢੀਂਡਸਾ ਨੇ ਅੱਗੇ ਕਿਹਾ ਕਿ ਸੂਬੇ ਦੇ ਲੋਕ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਾਨੂੰਨ ਦੇ ਨਿਯਮਾਂ ਦੀ ਪਾਲਣਾ ਕਰਨ।

Bharat Thapa

This news is Content Editor Bharat Thapa