ਡਾਕਟਰ ਰੂਮ ਦੇ ਬਾਹਰ ਬੈਠੀ ਪੀਅਨ ਬੋਲੀ, ਸਿਫਾਰਿਸ਼ ਹੈ ਤਾਂ ਜਾਣ ਦੇਵਾਂਗੀ ਨਹੀਂ ਤਾਂ...

01/30/2020 3:26:09 PM

ਲੁਧਿਆਣਾ (ਰਾਜ) : ਇਕ ਪਾਸੇ ਸਿਵਲ ਸਰਜਨ ਅਤੇ ਐੱਸ. ਐੱਮ. ਓ. ਉਦੇਸ਼ ਪ੍ਰੋਗਰਾਮ ਤਹਿਤ ਸਟਾਫ ਨੂੰ ਹਦਾਇਤਾਂ ਦੇ ਰਹੇ ਸਨ ਕਿ ਕਿਵੇਂ ਸਿਵਲ ਹਸਪਤਾਲ ਨੂੰ ਨੰਬਰ-1 ਬਣਾਇਆ ਜਾਵੇ। ਮਰੀਜ਼ਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਗਰਭਵਤੀ ਔਰਤਾਂ ਦਾ ਇਲਾਜ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ। ਦੂਜੇ ਪਾਸੇ ਮਦਰ ਐਂਡ ਚਾਈਲਡ ਸੈਂਟਰ 'ਚ ਚੈੱਕਅਪ ਕਰਵਾਉਣ ਆਈਆਂ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਇਸ ਗੱਲ ਨੂੰ ਲੈ ਕੇ ਹੰਗਾਮਾ ਕਰ ਰਹੇ ਸਨ। ਉਨ੍ਹਾਂ ਨੂੰ ਘੰਟਿਆਂ ਤੱਕ ਲਾਈਨਾਂ ਵਿਚ ਖੜ੍ਹਾ ਰੱਖਿਆ ਜਾਂਦਾ ਹੈ ਅਤੇ ਸਿਫਾਰਿਸ਼ੀਆਂ ਦਾ ਪਹਿਲਾ ਚੈੱਕਅਪ ਕੀਤਾ ਜਾਂਦਾ ਹੈ।
ਚੈੱਕਅਪ ਕਰਵਾਉਣ ਆਈ ਇਕ ਗਰਭਵਤੀ ਔਰਤ ਅਤੇ ਉਸ ਦੇ ਪਤੀ ਨੇ ਇਥੋਂ ਤੱਕ ਦੋਸ਼ ਲਾਇਆ ਕਿ ਡਾਕਟਰ ਰੂਮ ਦੇ ਬਾਹਰ ਬੈਠੀ ਪੀਅਨ ਨੇ ਉਸ ਨੂੰ ਕਿਹਾ ਕਿ ਜੇਕਰ ਸਿਫਾਰਿਸ਼ ਹੈ ਤਾਂ ਹੀ ਅੰਦਰ ਜਾਣ ਦੇਵਾਂਗੀ ਨਹੀਂ ਤਾਂ ਲਾਈਨ ਵਿਚ ਲੱਗੇ ਰਹੋ। ਜਦ ਨੰਬਰ ਆਵੇਗਾ ਅੰਦਰ ਭੇਜ ਦੇਵਾਂਗੀ। ਮਰੀਜ਼ਾਂ ਦਾ ਕਹਿਣਾ ਹੈ ਕਿ ਇਹ ਰੋਜ਼ ਦਾ ਕੰਮ ਹੈ ਜੇਕਰ ਚੈੱਕਅਪ ਦੌਰਾਨ ਡਾਕਟਰ ਉਨ੍ਹਾਂ ਕੋਈ ਟੈਸਟ ਕਰਵਾਉਣ ਨੂੰ ਭੇਜਦਾ ਹੈ ਤਾਂ ਵਾਪਸ ਆਉਣ 'ਤੇ ਫਿਰ ਉਨ੍ਹਾਂ ਨੂੰ ਲੰਮੀਆਂ ਲਾਈਨਾਂ ਵਿਚ ਖੜ੍ਹੇ ਰਹਿਣਾ ਪੈਂਦਾ ਹੈ। ਭਾਜਪਾ (ਓ. ਬੀ. ਸੀ. ਮੋਰਚਾ) ਦੇ ਅਵਦੇਸ਼ ਚੌਰਸੀਆ ਦਾ ਕਹਿਣਾ ਹੈ ਕਿ ਉਹ ਵੀ ਆਪਣੀ ਪਤਨੀ ਦਾ ਚੈੱਕਅਪ ਕਰਵਾਉਣ ਆਇਆ ਸੀ। ਉਸ ਨੂੰ ਵੀ ਕਈ ਘੰਟੇ ਲਾਈਨ ਵਿਚ ਲੱਗੇ ਰਹਿਣਾ ਪਿਆ। ਫਿਰ ਜਾ ਕੇ ਉਸ ਦਾ ਨੰਬਰ ਆਇਆ ਸੀ।
ਤਿੰਨ ਘੰਟੇ ਤੋਂ ਹਸਪਤਾਲ ਵਿਚ ਹਾਂ, ਚੱਕਰ 'ਤੇ ਚੱਕਰ ਕਟਵਾਏ ਜਾ ਰਹੇ ਹਨ
ਕੁੰਦਨਪੁਰੀ ਤੋਂ ਆਈ ਨਜ਼ਮਾ ਨੇ ਦੱਸਿਆ ਕਿ ਉਹ ਆਪਣੀ ਬੇਟੀ ਇਸ਼ਰਤ ਪ੍ਰਵੀਨ ਦਾ ਚੈੱਕਅਪ ਕਰਵਾਉਣ ਆਈ ਸੀ। ਉਹ 7 ਮਹੀਨਿਆਂ ਦੀ ਗਰਭਵਤੀ ਹੈ। ਉਹ ਸਵੇਰੇ 8 ਵਜੇ ਹੀ ਹਸਪਤਾਲ ਆ ਗਈ ਸੀ। ਨਜ਼ਮਾ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਦੇ ਪੇਟ ਵਿਚ ਦਰਦ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਚੰਗਾ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੂੰ ਕਦੇ ਅੰਦਰ ਵਾਰਡ ਵਿਚ ਭੇਜਿਆ ਜਾਂਦਾ ਹੈ ਅਤੇ ਵਾਰਡ ਵਾਲੇ ਡਾਕਟਰ ਕੋਲ ਭੇਜ ਦਿੰਦੇ ਹਨ। ਉਹ 3 ਘੰਟਿਆਂ ਵਿਚ ਇਸ ਤਰ੍ਹਾਂ ਦੀ ਹਾਲਤ ਵਿਚ ਹਸਪਤਾਲ ਦੇ ਅੰਦਰ ਹੀ ਚੱਕਰ ਕੱਟ ਰਹੇ ਹਨ। ਉਸ ਦੀ ਬੇਟੀ ਨੂੰ ਤੁਰਨ ਫਿਰਨ ਵਿਚ ਸਮੱਸਿਆ ਹੁੰਦੀ ਹੈ।
ਟੈਸਟ ਕਰਵਾ ਕੇ ਦੋਬਾਰਾ ਆਈ ਤਾਂ ਫਿਰ ਤੋਂ ਲੱਗਾ ਦਿੱਤਾ ਲਾਈਨ 'ਚ
ਗਿਆਸਪੁਰਾ ਤੋਂ ਆਈ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਰੇਖਾ ਦਾ ਚੈੱਕਅਪ ਕਰਵਾਉਣ ਲਈ ਆਈ ਸੀ। ਉਸ ਦੀ ਬੇਟੀ 6 ਮਹੀਨਿਆਂ ਦੀ ਗਰਭਵਤੀ ਹੈ। ਉਹ ਸਵੇਰੇ 9 ਵਜੇ ਲਾਈਨ ਵਿਚ ਲੱਗੀ। ਦੋ ਘੰਟੇ ਬਾਅਦ ਉਸ ਦੀ ਵਾਰੀ ਆਈ। ਇਸ ਤੋਂ ਬਾਅਦ ਡਾਕਟਰ ਨੇ ਟੈਸਟ ਕਰਵਾ ਕੇ ਆਉਣ ਲਈ ਕਿਹਾ ਪਰ ਜਦ ਵਾਪਸ ਆਈ ਤਾਂ ਉਸ ਨੂੰ ਫਿਰ ਲਾਈਨ ਵਿਚ ਲਗਾ ਦਿੱਤਾ। ਪੀਅਨ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਹਾਲਾਤ 'ਚ ਉਸ ਦੀ ਬੇਟੀ ਨੂੰ ਲਾਈਨ ਵਿਚ ਲੱਗਣਾ ਪਿਆ।
ਸਿਵਲ ਹਸਪਤਾਲ 'ਚ ਪ੍ਰੋਗਰਾਮ ਉਦੇਸ਼ ਦੀ ਹੋਈ ਮੀਟਿੰਗ
ਸਿਵਲ ਹਸਪਤਾਲ 'ਚ ਉਦੇਸ਼ ਪ੍ਰੋਗਰਾਮ ਤਹਿਤ ਇਕ ਮੀਟਿੰਗ ਹੋਈ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਐੱਸ. ਐੱਮ. ਓ. ਅਤੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਕਿ ਕਿਵੇਂ ਸਿਵਲ ਹਸਪਤਾਲ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਿਵਲ ਹਸਪਤਾਲ 'ਚ ਰਾਊਂਡ ਲਾਇਆ।

Babita

This news is Content Editor Babita