ਸਿਵਲ ਹਸਪਤਾਲ 'ਚ ਸਮਾਜ ਸੇਵੀ ਮਹਿਲਾ ਦਾ ਹੰਗਾਮਾ, ਸਰਾਬੀ ਗਾਰਡ ਨੂੰ ਪਾਈਆਂ ਭਾਜੜਾਂ (ਵੀਡੀਓ)

06/25/2019 1:12:33 PM

 ਜਲੰਧਰ (ਸੋਨੂੰ)— ਜਲੰਧਰ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਥੇ ਇਕ ਸਕਿਓਰਿਟੀ ਮੁਲਾਜ਼ਮ ਸ਼ਰਾਬ ਪੀ ਕੇ ਡਿਊਟੀ ਨਿਭਾਉਂਦਾ ਫੜਿਆ ਗਿਆ। ਇਕ ਸੋਸ਼ਲ ਵਰਕਰ ਹਰਵਿੰਦਰ ਕੌਰ ਨੇ ਦੱਸਿਆ ਕਿ ਉਹ ਮਰੀਜ਼ਾਂ ਦੀ ਸੇਵਾ ਕਰਨ ਦੇ ਲਈ ਹਰ ਰੋਜ਼ ਹਸਪਤਾਲ ਆਉਂਦੇ ਹਨ ਪਰ ਬੀਤੀ ਰਾਤ ਨੂੰ ਇਹ ਨਹੀਂ ਆਏ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਇਥੇ ਆਉਂਦੇ ਹਨ ਤਾਂ ਇਥੇ ਕੋਈ ਸਿਗਰੇਟ ਪੀ ਰਿਹਾ ਹੁੰਦਾ ਹੈ ਤਾਂ ਕੋਈ ਨਸ਼ੇ ਦਾ ਸੇਵਨ ਕਰ ਰਿਹਾ ਹੁੰਦਾ ਹੈ। ਇਸ ਬਾਰੇ ਉਨ੍ਹਾਂ ਵੱਲੋਂ ਐੱਸ. ਐੱਮ. ਓ. ਮੈਡਮ ਨੂੰ ਵੀ ਦੱਸਿਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। 


ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਜਦੋਂ ਉਹ ਇਥੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਇਕ ਪ੍ਰਾਈਵੇਟ ਕੰਪਨੀ ਦਾ ਸਕਿਓਰਿਟੀ ਗਾਰਡ ਨੇ ਸ਼ਰਾਬ ਪੀ ਕੇ ਡਿਊਟੀ ਨਿਭਾਅ ਰਿਹਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁੱਛਗਿੱਛ 'ਚ ਮੁਲਜ਼ਾਮ ਨੇ ਦੱਸਿਆ ਕਿ ਉਸ ਨੂੰ ਤਿੰਨ ਸਾਲ ਹੋ ਗਏ, ਉਹ ਰੋਜ਼ ਸ਼ਰਾਬ ਪੀ ਕੇ ਹੀ ਇਥੇ ਡਿਊਟੀ ਕਰਦਾ ਹੈ। ਹੰਗਾਮੇ ਦੌਰਾਨ ਉਕਤ ਮੁਲਾਜ਼ਮ ਗਾਇਬ ਹੋ ਗਿਆ। 


ਉਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਬਰ-4 ਦੇ ਹੈੱਡ ਕਾਂਸਟੇਬਲ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਹੈ ਕਿ ਸਕਿਓਰਿਟੀ ਗਾਰਡ ਸ਼ਰਾਬ ਪੀ ਕੇ ਡਿਊਟੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੇ ਹਾਲਾਤ ਦਿਨ-ਬ-ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਬੀਤੇ ਦਿਨੀਂ ਚੌਥੀ ਕਲਾਸ ਦੇ ਇਕ ਮੁਲਾਜ਼ਮ ਵੱਲੋਂ ਡਾਕਟਰ ਦੀ ਡਿਊਟੀ ਵੀ ਨਿਭਾਈ ਗਈ ਸੀ। ਮੁਲਾਜ਼ਮ ਇਕ ਮਰੀਜ਼ 'ਤੇ ਟਾਂਕੇ ਲਗਾਉਂਦਾ ਨਜ਼ਰ ਆਇਆ ਸੀ।