ਡਰਗੱਜ਼ ਓਵਰਡੋਜ਼ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਹੋਇਆ ਵਾਧਾ, 22 ਦਿਨ 'ਚ ਆਏ 32 ਮਰੀਜ਼

09/23/2018 7:49:28 PM

ਜਲੰਧਰ— ਸਿਵਲ ਹਸਪਤਾਲ 'ਚ ਰੋਜ਼ਾਨਾ ਡਰੱਗਜ਼ ਓਵਰਡੋਜ਼ ਦੇ ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਚਿੱਟਾ ਜਾਂ ਨਾਫੀਨ ਦੀ ਓਵਰਡੋਜ਼ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋ ਰਹੇ ਹਨ। ਸਤੰਬਰ ਮਹੀਨੇ ਵਿਚ 22 ਦਿਨਾਂ 'ਚ ਹੀ ਸਿਵਲ ਹਸਪਤਾਲ 'ਚ ਡਰੱਗਜ਼ ਓਵਰਡੋਜ਼ ਦੇ 32 ਮਰੀਜ਼ ਆਏ ਹਨ। ਕੁਝ ਮਹੀਨੇ ਪਹਿਲਾਂ ਇਨ੍ਹਾਂ ਦੀ ਜਾਨ ਬਚਾਉਣ ਲਈ ਸਿਵਲ ਹਸਪਤਾਲ ਕੋਲ ਐਂਟੀਡੋਟ ਨਹੀਂ ਹੁੰਦਾ ਸੀ। ਪ੍ਰਾਈਵੇਟ ਹਸਪਤਾਲਾਂ ਤੋਂ ਦਵਾਈਆਂ ਮੰਗਵਾ ਕੇ ਸਿਵਲ ਹਸਪਤਾਲ ਦੇ ਡਾਕਟਰ ਜਾਨ ਬਚਾਉਂਦੇ ਸਨ। ਹੁਣ ਪੰਜਾਬ 'ਚ ਨਸ਼ਿਆਂ ਖਿਲਾਫ ਬਣੇ ਮਾਹੌਲ ਦੇ ਚਲਦਿਆਂ ਸਰਕਾਰੀ ਹਸਪਤਾਲਾਂ 'ਚ ਐਂਟੀਡੋਟ ਉਪਲੱਬਧ ਕਰਵਾਈਆਂ ਹਨ। ਸਿਵਲ ਹਸਪਤਾਲ 'ਚ ਹਰ ਰੋਜ਼ ਓਵਰਡੋਜ਼ ਕਾਰਨ ਦਾਖਲ ਹੋ ਰਹੇ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ। 16 ਸਤੰਬਰ ਨੂੰ ਸਿਵਲ ਹਸਪਤਾਲ 'ਚ ਕੁਲ 8 ਲੋਕ ਡਰੱਗਜ਼ ਓਵਰਡੋਜ਼ ਦੇ ਚਲਦਿਆਂ ਦਾਖਲ ਹੋਏ ਸਨ। ਇਨ੍ਹਾਂ 'ਚ ਚਾਰ ਦੋ-ਦੋ ਦੇ ਜੋੜਿਆਂ 'ਚ ਬੇਹੋਸ਼ੀ ਦੀ ਹਾਲਤ 'ਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਮਿਲੇ ਸਨ। ਹਸਪਤਾਲ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਪਹਿਲਾਂ ਓਵਰਡੋਜ਼ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਸੀ। ਹੁਣ ਬਹੁਤ ਜ਼ਿਆਦਾ ਵੱਧ ਗਈ ਹੈ। ਓਵਰਡੋਜ਼ ਦੇ ਅਸਰ ਨੂੰ ਘੱਟ ਕਰਨ ਲਈ ਹਸਪਤਾਲ 'ਚ ਨੈਲੋਗਜ਼ਾਨ ਚਿੱਟੇ ਦੇ ਐਂਟੀਡੋਟ ਦੇ ਤੌਰ 'ਤੇ ਇਸਤੇਮਾਲ ਹੋ ਰਿਹਾ ਹੈ।

ਇਕ ਹੀ ਦਿਨ ਵਿਚ 8 ਮਰੀਜ਼ ਪਹੁੰਚੇ ਸਿਵਲ ਹਸਪਤਾਲ, 2 ਗੰਭੀਰ 

ਹਸਪਤਾਲ ਦੇ ਐਨੇਸਥੈਟਿਕ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਲਿਆਂਦੇ ਗਏ 8 ਲੋਕਾਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ। ਐਂਟੀਡੋਟ ਦੇਣ ਤੋਂ ਬਾਅਦ ਦੋਹਾਂ ਦੀ ਹਾਲਤ 'ਚ ਸੁਧਾਰ ਹੈ। ਲੋਕਾਂ 'ਚ ਜਾਗਰੂਕਤਾ ਵਧਣ ਨਾਲ ਵੀ ਹੁਣ ਪਰਿਵਾਰ ਵਾਲੇ ਖੁੱਲ੍ਹ ਕੇ ਆਪਣੇ ਬੱਚਿਆਂ ਦਾ ਇਲਾਜ ਕਰਵਾ ਰਹੇ ਹਨ। ਇਸ ਤੋਂ ਪਹਿਲਾਂ ਓਵਰਡੋਜ਼ ਹੋਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਜਾਂਦਾ ਸੀ ਪਰ ਸਮਾਜ 'ਚ ਆਏ ਬਦਲਾਅ ਦੇ ਚਲਦਿਆਂ ਹੁਣ ਲੋਕ ਸਮਾਜ ਕੀ ਕਹੇਗਾ ਵਰਗੀਆਂ ਗੱਲਾਂ ਦੀ ਬਜਾਏ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ 'ਚ ਲੱਗੇ ਹੋਏ ਹਨ। ਇਸ ਸਾਲ ਜੂਨ 'ਚ 5, ਜੁਲਾਈ 'ਚ 20, ਅਗਸਤ 'ਚ 19 ਅਤੇ ਸਤੰਬਰ ਦੇ 22 ਦਿਨਾਂ 'ਚ ਹੀ 32 ਮਰੀਜ਼ ਪਹੁੰਚ ਚੁੱਕੇ ਹਨ।