ਸਿਵਲ ਹਸਪਤਾਲ ’ਚ ਇਲਾਜ ਲਈ ਲਿਆਂਦੇ ਹਵਾਲਾਤੀ ਵੱਲੋਂ ਭੱਜਣ ਦੀ ਕੋਸ਼ਿਸ਼

07/20/2018 1:04:43 AM

ਰੂਪਨਗਰ, (ਕੈਲਾਸ਼)- ਜ਼ਿਲਾ ਜੇਲ ’ਚੋਂ ਅੱਜ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ’ਚ ਲਿਆਂਦੇ ਇਕ ਹਵਾਲਾਤੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ’ਤੇ ਮੌਜੂਦ ਪੁਲਸ ਕਰਮੀਆਂ  ਨੇ ਕਾਬੂ ਕਰ ਲਿਆ।
 ਜਾਣਕਾਰੀ ਅਨੁਸਾਰ ਅੱਜ ਜ਼ਿਲਾ ਜੇਲ ਰੂਪਨਗਰ ’ਚੋਂ ਪੁਲਸ ਪਾਰਟੀ ਦੀ ਇਕ ਟੀਮ ਪੰਜ ਹਵਾਲਾਤੀਅਾਂ ਨੂੰ ਲੈ ਕੇ ਇਲਾਜ ਲਈ ਰੂਪਨਗਰ ਸਿਵਲ ਹਸਪਤਾਲ ਲੈ ਕੇ ਪਹੁੰਚੀ ਸੀ, ਜਿਨ੍ਹਾਂ ’ਚੋਂ ਇਕ ਹਵਾਲਾਤੀ ਅਜੇ ਕੁਮਾਰ (24) ਪੁੱਤਰ ਤਿਲਕ ਰਾਜ ਨਿਵਾਸੀ ਬਹਿਰਾਮ ਜ਼ਿਲਾ ਗੁਰਦਾਸਪੁਰ, ਜਿਸ ’ਤੇ ਥਾਣਾ ਨੂਰਪੁਰਬੇਦੀ ’ਚ ਦੁਸ਼ਕਰਮ ਦੇ ਅਧੀਨ ਵੱਖ ਵੱਖ ਧਾਰਾਵਾਂ ਤਹਿਤ 6 ਅਪ੍ਰੈਲ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸਨੂੰ 2 ਮਈ 2018 ਨੂੰ ਰੂਪਨਗਰ ਜੇਲ ਭੇਜ ਦਿੱਤਾ ਗਿਆ ਸੀ, ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਪੇਟ ’ਚ ਦਰਦ ਹੈ। ਪੁਲਸ ਪਾਰਟੀ ਉਸਨੂੰ ਹਸਪਤਾਲ ’ਚ ਇਲਾਜ ਲਈ ਲੈ ਕੇ ਆਈ ਸੀ। ਚੈੱਕਅਪ ਮਗਰੋਂ ਜਦੋਂ ਉਸਨੂੰ ਕਮਰੇ ’ਚੋਂ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਉਹ ਭੱਜ ਗਿਆ ਪਰ ਉਸਨੂੰ ਓ.ਪੀ.ਡੀ ਦੇ ਬਾਹਰ ਖਡ਼੍ਹੇ ਪੁਲਸ ਕਰਮਚਾਰੀਆਂ ਵੱਲੋਂ ਕਾਬੂ ਕਰ ਲਿਆ ਗਿਆ। 
 ਜ਼ਿਲਾ ਜੇਲ ’ਚ ਤਾਇਨਾਤ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀ ਨੂੰ ਅੱਜ ਸਿਵਲ ਹਸਪਤਾਲ ਰੂਪਨਗਰ ’ਚ ਇਲਾਜ ਲਈ ਭੇਜਿਆ ਗਿਆ ਸੀ ਜਿੱਥੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਕਤ ਮੁਲਜ਼ਮ ’ਤੇ ਭੱਜਣ ਦੇ ਮਾਮਲੇ ’ਚ ਸਿਟੀ ਥਾਣਾ ਰੂਪਨਗਰ ’ਚ ਇਕ ਹੋਰ ਮਾਮਲਾ ਦਰਜ ਕਰਵਾਇਆ ਗਿਆ।