ਸਿਵਲ ਹਸਪਤਾਲ ਦੇ ਗਾਇਨੀ ਵਾਰਡ ਦਾ ਰੱਬ ਹੀ ਰਾਖਾ

09/23/2017 6:55:06 AM

ਸੰਗਰੂਰ(ਵਿਵੇਕ ਸਿੰਧਵਾਨੀ, ਯਾਦਵਿੰਦਰ)—ਕਹਿਣ ਨੂੰ ਤਾਂ ਸਰਕਾਰਾਂ ਸਿਵਲ ਹਸਪਤਾਲਾਂ 'ਚ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਇਹ ਦਾਅਵੇ ਹਵਾ 'ਚ ਹੀ ਲਟਕੇ ਮਿਲਦੇ ਹਨ ਕਿਉਂਕਿ ਮਰੀਜ਼ਾਂ ਤੱਕ ਪੂਰਨ ਤੌਰ 'ਤੇ ਸਿਹਤ ਸਹੂਲਤਾਂ ਪੁੱਜਦੀਆਂ ਹੀ ਨਹੀਂ। ਸ਼ਹਿਰ ਸੰਗਰੂਰ 'ਚ ਵੀ ਜ਼ਿਲੇ ਦਾ ਸਰਕਾਰੀ ਹਸਪਤਾਲ ਅਖਵਾਉਣ ਵਾਲੇ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਪੂਰੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਗਾਇਨੀ ਵਾਰਡ 'ਚ ਤਾਂ ਜੱਚਾ-ਬੱਚਾ ਦੋਵਾਂ ਨੂੰ ਹੀ ਮੁਸ਼ਕਿਲਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।  ਗਾਇਨੀ ਵਾਰਡ 'ਚ ਗਰਮੀ ਦੇ ਦਿਨਾਂ 'ਚ ਤਾਂ ਦਿੱਕਤ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਬਿਜਲੀ ਚਲੇ ਜਾਣ ਤੋਂ ਬਾਅਦ ਜਿਥੇ ਹੁੰਮਸ ਨਾਲ ਬੁਰਾ ਹਾਲ ਹੋ ਜਾਂਦਾ ਹੈ ਤੇ ਵਾਰਡ 'ਚ ਲੱਗੇ ਏ. ਸੀ.  ਕਦੇ-ਕਦੇ ਚਲਾਏ ਜਾਂਦੇ ਹਨ, ਉੱਪਰੋਂ ਜਨਰੇਟਰ ਵੀ ਜਲਦੀ ਚਾਲੂ ਨਹੀਂ ਹੁੰਦਾ। ਬੀਤੀ ਰਾਤ ਜਦੋਂ 'ਜਗ ਬਾਣੀ' ਟੀਮ ਨੇ ਹਸਪਤਾਲ ਦੇ ਗਾਇਨੀ ਵਾਰਡ ਦਾ ਦੌਰਾ ਕੀਤਾ ਤਾਂ ਦੇਖਿਆ ਲਾਈਟ ਗਈ ਹੋਈ ਸੀ ਅਤੇ ਵਾਰਡ 'ਚ ਬੇਹੱਦ ਗਰਮੀ ਹੋਣ ਕਾਰਨ ਨਵਜੰਮੇ ਬੱਚਿਆਂ ਨੂੰ ਪਰਿਵਾਰਕ ਮੈਂਬਰ ਗੋਦੀ ਚੁੱਕੀ ਬਾਹਰ ਖੜ੍ਹੇ ਬਿਜਲੀ ਆਉਣ ਦੀ ਉਡੀਕ ਕਰ ਰਹੇ ਸਨ। ਅੰਦਰ ਬੈੱਡਾਂ 'ਤੇ ਪਈਆਂ ਮਾਵਾਂ ਨੂੰ ਪਰਿਵਾਰਕ ਮੈਂਬਰ ਹੱਥ ਪੱਖੀ ਜਾਂ ਅਖ਼ਬਾਰ ਆਦਿ ਨਾਲ ਝੱਲ ਮਾਰ ਰਹੇ ਸਨ। ਕੁਝ ਸਮਾਂ ਲੰਘਣ ਤੋਂ ਬਾਅਦ ਬਿਜਲੀ ਆਉਣ 'ਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਏ. ਸੀ. ਵੀ ਬਣੇ ਸ਼ੋਅ ਪੀਸ : ਅੱਜ ਜਦੋਂ ਦਿਨ 'ਚ ਵੀ 'ਜਗ ਬਾਣੀ' ਟੀਮ ਨੇ ਉਕਤ ਵਾਰਡ ਦਾ ਦੌਰਾ ਕੀਤਾ ਤਾਂ ਵੇਖਿਆ ਵਾਰਡ 'ਚ ਸਿਰਫ ਪੱਖੇ ਹੀ ਚੱਲ ਰਹੇ ਸਨ, ਜੋ ਕਿ ਵਾਰਡ ਦੀ ਗਰਮੀ ਨੂੰ ਦੂਰ ਕਰਨ 'ਚ ਅਸਮਰੱਥ ਜਾਪ ਰਹੇ ਸਨ। ਮਰੀਜ਼ਾਂ ਨੇਦੱਸਿਆ ਕਿ ਏ.ਸੀ. ਦਿਨ 'ਚ ਥੋੜ੍ਹੇ ਸਮੇਂ ਲਈ ਹੀ ਚਲਾਏ ਜਾਂਦੇ ਹਨ ਜਦੋਂਕਿ ਗਰਮੀ ਹੋਣ ਕਾਰਨ ਇਨ੍ਹਾਂ ਦੀ ਵਧਵਰਤੋਂ ਹੋਣੀ ਚਾਹੀਦੀ ਹੈ। ਵਾਰਡ ਜਣੇਪੇ ਵਾਲੀਆਂ ਔਰਤਾਂ ਨਾਲ ਹੁੰਦੈ ਭਰਿਆ : ਜ਼ਿਲੇ ਦਾ ਹਸਪਤਾਲ ਹੋਣ ਕਰ ਕੇ ਇਥੇ ਵੱਡੀ ਗਿਣਤੀ 'ਚ ਗਰਭਵਤੀ ਔਰਤਾਂ ਜਣੇਪੇ ਲਈ ਆਉਂਦੀਆਂ ਹਨ। ਅੱਜ ਵੀ ਗਾਇਨੀ ਵਾਰਡ ਜੱਚਾ-ਬੱਚਾ ਨਾਲ ਭਰਿਆ ਪਿਆ ਸੀ। ਕੱਲ ਤੇ ਅੱਜ ਕਰੀਬ 35 ਔਰਤਾਂ ਜਣੇਪੇ ਲਈ ਇਥੇ ਦਾਖਲ ਸਨ, ਜਿਨ੍ਹਾਂ ਨੂੰ ਗਰਮੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਪਿਆ।  ਆਮ ਲੋਕਾਂ ਦੀ ਮੰਗ ਹੈ ਕਿ ਗਾਇਨੀ ਵਾਰਡ 'ਚ ਬਿਜਲੀ ਦੇ ਪ੍ਰਬੰਧਾਂ 'ਤੇ ਵੱਧ ਧਿਆਨ ਦਿੱਤਾ ਜਾਵੇ ਤੇ ਲਾਈਟ ਚਲੇ ਜਾਣ 'ਤੇ ਤੁਰੰਤ ਜਨਰੇਟਰ ਚਲਾਇਆ ਜਾਵੇ ਤੇ ਏ.ਸੀ. ਵੀ ਵੱਧ ਤੋਂ ਵੱਧ ਸਮਾਂ ਚਲਾਏ ਜਾਣ।
ਕੀ ਕਹਿੰਦੇ ਨੇ ਐੈੱਸ.ਐੱਮ.ਓ. : ਜਦੋਂ ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਬਲਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲਾ ਆਪ ਦੇਖਣਗੇ ਪਰ ਏ. ਸੀ. ਘੱਟ ਚੱਲਣ 'ਤੇ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।