ਸਿਵਲ ਹਸਪਤਾਲ ਵਿਖੇ ਘੁੰਮਦੇ ਹਨ ਆਵਾਰਾ ਕੁੱਤੇ, ਹਰ ਪਾਸੇ ਫੈਲੀ ਗੰਦਗੀ

09/21/2017 5:14:21 AM

ਜਲੰਧਰ(ਜ. ਬ.)—ਸਿਵਲ ਹਸਪਤਾਲ ਵਿਖੇ ਇਨ੍ਹੀਂ ਦਿਨੀਂ ਆਉਣ ਵਾਲੇ ਮਰੀਜ਼ਾਂ ਨੂੰ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਤਾਂ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਹਸਪਤਾਲ ਵਿਚ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਬਾਹਰ ਨੂੰ ਆ ਰਿਹਾ ਹੈ ਅਤੇ ਡੇਂਗੂ ਦੇ ਮੱਛਰ ਭਿੰਨ-ਭਿਨਾਉਂਦੇ ਨਜ਼ਰ ਆ ਰਹੇ ਹਨ। ਕਾਫੀ ਦਿਨਾਂ ਤੋਂ ਸੀਵਰੇਜ ਜਾਮ ਪਏ ਹੋਏ ਹਨ ਪਰ ਇਨ੍ਹਾਂ ਨੂੰ ਸਾਫ ਨਹੀਂ ਕਰਵਾਇਆ ਗਿਆ। ਹਸਪਤਾਲ ਦੇ ਹੱਡੀਆਂ ਵਾਲੇ ਵਾਰਡ ਤੋਂ ਲੈ ਕੇ ਕੰਟੀਨ ਵੱਲ ਜਾਂਦੇ ਰਸਤੇ ਵਿਚ ਰਾਤ ਨੂੰ ਕੋਈ ਪੈਦਲ ਨਹੀਂ ਜਾ ਸਕਦਾ ਕਿਉਂਕਿ ਲਾਈਟਾਂ ਬੰਦ ਪਈਆਂ ਹਨ ਅਤੇ ਨਸ਼ੇੜੀ ਕਿਸਮ ਦੇ ਲੋਕ ਇਥੇ ਰਾਤ ਨੂੰ ਘੁੰਮਦੇ ਦੇਖੇ ਜਾ ਸਕਦੇ ਹਨ।  ਇਸਦੇ ਨਾਲ ਹੀ ਹੱਡੀਆਂ ਵਾਲੇ ਵਾਰਡ ਦਾ ਹਾਲ ਤਾਂ ਬੇਹਾਲ ਪਿਆ ਹੋਇਆ ਹੈ। ਮਰੀਜ਼ਾਂ ਵਲੋਂ ਵਰਤੋਂ ਕਰਨ ਵਾਲੇ ਪਖਾਨੇ ਗੰਦੇ ਹੋਣ ਕਾਰਨ ਉਸ ਵਿਚ ਹਸਪਤਾਲ ਵਲੋਂ ਤਾਲੇ ਲਗਾ ਦਿੱਤੇ ਗਏ ਹਨ। ਪੀਣ ਵਾਲੇ ਪਾਣੀ ਲਈ ਲੋਕ ਮੋਹਤਾਜ ਪਏ ਹੋਏ ਹਨ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਸਿਵਲ ਹਸਪਤਾਲ ਵਿਚ ਅਵਾਰਾ ਕੁੱਤੇ ਦਰਜਨਾਂ ਦੇ ਹਿਸਾਬ ਨਾਲ ਘੁੰਮਦੇ ਦੇਖੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਮੈਟਰਨਿਟੀ ਵਾਰਡ ਵਿਚ ਇਕ ਅਵਾਰਾ ਕੁੱਤੇ ਨੇ ਨਵਜੰਮੇ ਬੱਚੇ ਦਾ ਭਰੂਣ ਚੁੱਕ ਲਿਆ ਤੇ ਉਹ ਉਸਨੂੰ ਨੋਚ ਰਿਹਾ ਸੀ। ਫਿਰ ਵੀ ਇਨ੍ਹਾਂ 'ਤੇ ਨਕੇਲ ਕਿਉਂ ਨਹੀਂ ਕੱਸੀ ਜਾ ਰਹੀ?  
ਇਸ ਸੰਬੰਧੀ ਜਦੋਂ 'ਜਗ ਬਾਣੀ' ਦੀ ਟੀਮ ਨੇ ਦੇਖਿਆ ਕਿ ਵਾਰਡ ਦੇ ਅੰਦਰ ਕੁੱਤੇ ਇੰਝ ਘੁੰਮ ਰਹੇ ਸਨ ਕਿ ਜਿਵੇਂ ਪੀੜ੍ਹੀ ਦਰ ਪੀੜ੍ਹੀ ਇਹ ਉਨ੍ਹਾਂ ਦਾ ਨਿਵਾਸ ਸਥਾਨ ਰਿਹਾ ਹੋਵੇ। ਬੱਚਿਆਂ ਤੋਂ ਲੈ ਕੇ ਬਜ਼ੁਰਗ ਨੂੰ ਵੇਖ ਕੇ ਅਵਾਰਾ ਕੁੱਤੇ ਭੌਂਕਦੇ ਨਜ਼ਰ ਆ ਰਹੇ ਸਨ। ਜੇਕਰ ਕੱਲ ਨੂੰ ਕੋਈ ਇਨ੍ਹਾਂ ਦਾ ਸ਼ਿਕਾਰ ਹੋ ਗਿਆ ਤਾਂ ਇਸਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। 
ਨਸ਼ੇ ਦੇ ਟੀਕੇ ਵੀ ਵਿਕਦੇ ਹਨ ਹਸਪਤਾਲ 'ਚ ! : ਉਥੇ ਸਿਵਲ ਹਸਪਤਾਲ ਵਿਖੇ ਤਾਇਨਾਤ ਇਕ ਦਰਜਾ ਚਾਰ ਕਰਮਚਾਰੀ ਇਨ੍ਹੀਂ ਦਿਨੀਂ ਨਸ਼ੇ ਦੇ  ਟੀਕੇ  ਹਸਪਤਾਲ ਵਿਚ ਵੇਚਣ ਦਾ ਕੰਮ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਕਰਮਚਾਰੀ ਦੀ ਡਿਊਟੀ ਐਮਰਜੈਂਸੀ ਵਾਰਡ ਤੋਂ ਹਟਾ ਕੇ ਦੂਸਰੇ ਵਾਰਡ ਵਿਚ ਇਸ ਲਈ ਲਗਾ ਦਿੱਤੀ ਗਈ ਸੀ ਕਿਉਂਕਿ ਉਹ ਡਾਏਜੇਪਾਮ ਨਾਂ ਦਾ ਟੀਕਾ, ਜੋ ਕਿ ਨਸ਼ੇੜੀ ਨਸ਼ੇ ਕਰਨ ਦੇ ਤੌਰ 'ਤੇ ਵਰਤੋਂ ਕਰਦੇ ਹਨ। ਇਹ ਟੀਕਾ 100 ਰੁਪਏ ਦੇ ਹਿਸਾਬ ਨਾਲ ਨਸ਼ੇੜੀਆਂ ਨੂੰ ਵੇਚਦਾ ਸੀ। ਬੀਤੇ ਦਿਨ ਪਹਿਲਾਂ ਵੀ ਉਸ ਤੋਂ ਟੀਕਾ ਲੈਣ ਆਏ ਇਕ ਨੌਜਵਾਨ ਨੂੰ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਕਰ ਕੇ ਥਾਣਾ 4 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਪਰ ਨਸ਼ੇੜੀ ਤੋਂ ਕੋਈ ਟੀਕਾ ਨਾ ਮਿਲਣ ਕਾਰਨ ਪੁਲਸ ਨੇ ਉਸਨੂੰ ਛੱਡ ਦਿੱਤਾ। ਪਤਾ ਲੱਗਾ ਹੈ ਕਿ ਇਹ ਦਰਜਾ ਚਾਰ ਕਰਮਚਾਰੀ ਵੀ ਨਸ਼ੇ ਦਾ ਆਦੀ ਹੈ।