ਸਿਵਲ ਹਸਪਤਾਲ ਦੀ ਲਾਪ੍ਰਵਾਹੀ, ਕਤਲ ਦੀ ਦੋਸ਼ੀ ਨੂੰ ਅਣਪਛਾਤੇ ਮਰੀਜ਼ਾਂ ਦੇ ਵਾਰਡ ''ਚ ਕੀਤਾ ਭਰਤੀ

01/11/2020 5:33:10 PM

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਮਹਿਲਾ ਜੇਲ ਤੋਂ ਇਲਾਜ ਲਈ ਸਿਵਲ ਹਸਪਤਾਲ ਰੈਫਰ ਹੋਈ ਕਤਲ ਦੀ ਦੋਸ਼ੀ ਔਰਤ ਨੂੰ ਸਟਾਫ ਨੇ ਗਾਰਦ ਰੂਮ ਵਿਚ ਰੱਖਣ ਦੀ ਬਜਾਏ ਅਣਪਛਾਤੇ ਮਰੀਜ਼ਾਂ ਦੇ ਵਾਰਡ ਵਿਚ ਐਡਮਿਟ ਕਰ ਦਿੱਤਾ ਜਿਥੇ ਕਤਲ ਦੀ ਦੋਸ਼ੀ ਔਰਤ ਦੇ ਪਰਿਵਾਰ ਵਾਲੇ ਵੀ ਬੈਠੇ ਦਿਖਾਈ ਦਿੱਤੇ ਜਦੋਂਕਿ ਦੁਪਹਿਰ ਪੁੱਜੀ ਕਤਲ ਦੀ ਦੋਸ਼ੀ ਔਰਤ ਦਾ ਰਾਤ ਤੱਕ ਇਲਾਜ ਹੀ ਸ਼ੁਰੂ ਨਹੀਂ ਕੀਤਾ ਗਿਆ। ਉਧਰ, ਸਿਵਲ ਹਸਪਤਾਲ ਦੇ ਅੰਦਰ ਬਣੇ ਗਾਰਦ ਰੂਮ ਨੂੰ ਪ੍ਰਾਈਵੇਟ ਰੂਮ ਬਣਾ ਦਿੱਤਾ ਹੈ ਜਿਥੇ ਹੋਰ ਮਰੀਜ਼ਾਂ ਨੂੰ ਰੱਖਿਆ ਜਾ ਰਿਹਾ ਹੈ ਜਿਸ ਵਾਰਡ 'ਚ ਕਤਲ ਦੀ ਦੋਸ਼ੀ ਔਰਤ ਐਡਮਿਟ ਹੈ, ਉਸ ਦੇ ਕੋਲ ਸਿਰਫ ਇਕ ਹੀ ਔਰਤ ਪੁਲਸ ਮੁਲਾਜ਼ਮ ਹੈ। ਅਜਿਹੇ 'ਚ ਜੇਕਰ ਕਤਲ ਦੀ ਦੋਸ਼ੀ ਔਰਤ ਭੱਜਣ ਦਾ ਯਤਨ ਵੀ ਕਰ ਸਕਦੀ ਹੈ। ਹਾਲਾਂਕਿ ਦੋਸ਼ੀ ਔਰਤ ਖੁਦ ਇਲਾਜ ਨਾ ਸ਼ੁਰੂ ਹੋਣ ਕਾਰਨ ਪ੍ਰੇਸ਼ਾਨ ਨਜ਼ਰ ਆਈ।

ਜਾਣਕਾਰੀ ਮੁਤਾਬਕ ਮਹਿਲਾ ਰਜਤ ਪਾਲ 'ਤੇ ਥਾਣਾ ਸਲੇਮ ਟਾਬਰੀ 'ਚ ਕਤਲ ਦਾ ਕੇਸ ਦਰਜ ਹੈ। ਉਸੇ ਕੇਸ ਵਿਚ ਉਹ ਛੇ ਮਹੀਨੇ ਤੋਂ ਮਹਿਲਾ ਜੇਲ ਵਿਚ ਹੈ। ਉਸ ਨੂੰ ਕਿਡਨੀ ਦੀ ਪ੍ਰਾਬਲਮ ਹੈ। ਸ਼ੁੱਕਰਵਾਰ ਦੀ ਦੁਪਹਿਰ ਨੂੰ ਉਸ ਨੂੰ ਜ਼ਿਆਦਾ ਤਕਲੀਫ ਹੋ ਗਈ। ਇਸ ਲਈ ਜੇਲ ਦੇ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਐਡਮਿਟ ਕਰ ਲਿਆ ਅਤੇ ਅਣਪਛਾਤੇ ਮਰੀਜ਼ਾਂ ਦੇ ਵਾਰਡ ਵਿਚ ਸ਼ਿਫਟ ਕਰ ਦਿੱਤਾ। ਔਰਤ ਹਵਾਲਾਤੀ ਦਾ ਦੋਸ਼ ਹੈ ਕਿ ਸਿਵਲ ਹਸਪਤਾਲ 'ਚ ਉਸ ਦੀ ਕੋਈ ਦੇਖਰੇਖ ਨਹੀਂ ਹੋ ਰਹੀ। ਉਹ ਦੁਪਹਿਰ ਨੂੰ ਆਈ ਸੀ, ਅਜੇ ਤੱਕ ਉਸ ਦਾ ਇਲਾਜ ਠੀਕ ਤਰੀਕੇ ਨਾਲ ਸ਼ੁਰੂ ਨਹੀਂ ਹੋਇਆ।

ਮਹਿਲਾ ਗਾਰਦ ਰੂਮ ਨੂੰ ਤਬਦੀਲ ਕਰ ਕੇ ਬਣਾ ਦਿੱਤਾ ਪ੍ਰਾਈਵੇਟ ਰੂਮ
ਸਿਵਲ ਹਸਪਤਾਲ ਅੰਦਰ ਪੁਰਸ਼ ਅਤੇ ਔਰਤ ਬੰਦੀਆਂ ਲਈ ਵੱਖਰਾ ਗਾਰਦ ਰੂਮ ਹੁੰਦਾ ਹੈ। ਉਥੇ ਹਮੇਸ਼ਾ ਉਨ੍ਹਾਂ 'ਤੇ Îਨਿਗਰਾਨੀ ਲਈ ਪੁਲਸ ਮੁਲਾਜ਼ਮ ਮੌਜੂਦ ਹੁੰਦੇ ਹਨ ਪਰ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਮਹਿਲਾ ਗਾਰਦ ਰੂਮ ਨੂੰ ਤਬਦੀਲ ਕਰ ਕੇ ਨਿੱਜੀ ਰੂਮ ਬਣਾ ਦਿੱਤਾ ਹੈ। ਹੁਣ ਹਸਪਤਾਲ ਵਿਚ ਕੋਈ ਮਹਿਲਾ ਗਾਰਦ ਰੂਮ ਹੀ ਨਹੀਂ ਹੈ। ਇਸ ਲਈ ਇਲਾਜ ਲਈ ਆਈ ਕਤਲ ਦੀ ਦੋਸ਼ੀ ਔਰਤ ਹਵਾਲਾਤੀ ਨੂੰ ਹਸਪਤਾਲ ਦੇ ਅਣਪਛਾਤੇ ਮਰੀਜ਼ਾਂ ਦੇ ਵਾਰਡ ਵਿਚ ਸਿਫ਼ਟ ਕਰ ਦਿੱਤਾ ਜਿਥੇ ਹਵਾਲਾਤੀ ਨੂੰ ਮਿਲਣ ਵਾਲੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਾ ਰਿਹਾ।

ਗੱਲ ਕਰਦੇ-ਕਰਦੇ ਡਿਸਕੁਨੈਕਟ ਹੋਇਆ ਐੱਸ. ਐੱਮ. ਓ. ਦਾ ਮੋਬਾਇਲ, ਮੁੜ ਕੇ ਨਹੀਂ ਕੀਤਾ ਪਿਕ
ਇਸ ਸਬੰਧੀ ਜਦੋਂ ਐੱਸ. ਐੱਮ. ਓ. ਡਾ. ਅਵਿਨਾਸ਼ ਜਿੰਦਲ ਦੇ ਮੋਬਾਇਲ 'ਤੇ ਕਾਲ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਕਿਹਾ ਕਿ ਗਾਰਦ ਰੂਮ ਦੀ ਜਗ੍ਹਾ ਪ੍ਰਾਈਵੇਟ ਰੂਮ ਵਿਚ ਔਰਤ ਹਵਾਲਾਤੀਆਂ ਨੂੰ ਰੱਖਿਆ ਜਾਂਦਾ ਹੈ ਪਰ ਕਾਲ ਅਚਾਨਕ ਡਿਸਕੁਨੈਕਟ ਹੋ ਗਈ ਅਤੇ ਬਾਅਦ ਵਿਚ ਐੱਸ. ਐੱਮ. ਓ. ਨੇ ਕਾਲ ਪਿਕ ਨਹੀਂ ਕੀਤੀ।

Anuradha

This news is Content Editor Anuradha