ਸਿਵਲ ਹਸਪਤਾਲ ਦਾ ਅਕਾਊਂਟੈਂਟ ਰਿਸ਼ਵਤ ਲੈਣ ਦੇ ਦੋਸ਼ ’ਚ ਰੰਗੇ ਹੱਥੀਂ ਗ੍ਰਿਫਤਾਰ

04/30/2022 6:12:01 PM

ਫਾਜ਼ਿਲਕਾ (ਨਾਗਪਾਲ) : ਗੁਰਿੰਦਰਜੀਤ ਸਿੰਘ ਉਪ ਕਪਤਾਨ ਪੁਲਸ ਦੀ ਅਗਵਾਈ ’ਚ ਵਿਜੀਲੈਂਸ ਬਿਊਰੋ ਫਾਜ਼ਿਲਕਾ ਦੀ ਟੀਮ ਵੱਲੋਂ ਧਰਮਵੀਰ ਅਕਾਊਂਟੈਂਟ-ਕਮ-ਕੈਸ਼ੀਅਰ, ਸਿਵਲ ਹਸਪਤਾਲ ਫਾਜ਼ਿਲਕਾ ਨੂੰ ਸ਼ਿਕਾਇਤਕਰਤਾ ਰਵਿੰਦਰ ਕੁਮਾਰ ਵਾਸੀ ਪਿੰਡ ਮੁਰਾਦਵਾਲਾ ਭੋਮਗੜ੍ਹ ਜ਼ਿਲ੍ਹਾ ਫਾਜ਼ਿਲਕਾ ਪਾਸੋਂ 25,000 ਰੁਪਏ ਰਿਸ਼ਵਤ ਹਾਸਲ ਕਰਦੇ ਹੋਏ ਗ੍ਰਿਫਤਾਰ ਕਰ ਲਿਆ। ਇਸ ਮੌਕੇ ਸਰਕਾਰੀ ਗਵਾਹ ਵਿਕਰਮ ਕੰਬੋਜ, ਸਹਾਇਕ ਕਾਰਜਕਾਰੀ ਇੰਜੀਨੀਅਰ, ਪੀ.ਐੱਸ.ਪੀ.ਸੀ.ਐੱਲ. ਉਪ ਮੰਡਲ ਲਾਧੂਕਾ ਅਤੇ ਜਗਜੀਤ ਸਿੰਘ ਜੇ. ਈ., ਦਫਤਰ ਉਪ ਮੰਡਲ ਅਫਸਰ, ਪੰਜਾਬ ਮੰਡੀ ਬੋਰਡ ਫਾਜ਼ਿਲਕਾ ਹਾਜ਼ਰ ਸਨ। ਡੀ.ਐੱਸ.ਪੀ. ਨੇ ਦੱਸਿਆ ਕਿ ਮੁਦੱਈ ਰਵਿੰਦਰ ਕੁਮਾਰ ਪਾਸ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਕੰਟੀਨ ਦਾ ਠੇਕਾ ਹੈ ਅਤੇ ਉਸ ਵੱਲੋਂ ਜਣੇਪਾ ਲਈ ਸਿਵਲ ਹਸਪਤਾਲ ਵਿਖੇ ਦਾਖਲ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ ਮੁਫਤ ਖਾਣਾ ਅਤੇ ਸਿਵਲ ਹਸਪਤਾਲ ’ਚ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਮੁਦੱਈ ਰਵਿੰਦਰ ਕੁਮਾਰ ਵੱਲੋਂ ਮੁਹੱਈਆ ਕਰਵਾਏ ਗਏ ਖਾਣੇ ਆਦਿ ਦੇ ਬਿੱਲ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜ਼ਿਲਕਾ ਵੱਲੋਂ ਪਾਸ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਬਿੱਲਾਂ ਦੀ ਆਦਾਇਗੀ ਮੁਦੱਈ ਨੂੰ ਕਰਵਾਈ ਜਾਂਦੀ ਹੈ। ਮੁਦੱਈ ਰਵਿੰਦਰ ਕੁਮਾਰ ਦੇ ਖਾਣੇ ਦੇ ਕਰੀਬ 89,000 ਰੁਪਏ ਦੇ ਬਿੱਲ ਦਾ ਭੁਗਤਾਨ ਧਰਮਵੀਰ ਅਕਾਊਂਟੈਂਟ ਵੱਲੋਂ ਮਹੀਨਾ ਮਾਰਚ ’ਚ ਕੀਤਾ ਗਿਆ ਹੈ।

ਇਸ ਬਿੱਲ ਦੇ ਭੁਗਤਾਨ ਤੋਂ ਬਾਅਦ ਮੁਦੱਈ ਰਵਿੰਦਰ ਕੁਮਾਰ ਵੱਲੋਂ ਖਾਣੇ ਦੇ ਹੋਰ ਬਿੱਲ ਦਿੱਤੇ ਜਾਣੇ ਸੀ ਪਰ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜ਼ਿਲਕਾ ਵੱਲੋਂ ਮੁਦੱਈ ਰਵਿੰਦਰ ਕੁਮਾਰ ਪਾਸੋਂ ਪਹਿਲਾਂ ਅਦਾ ਕੀਤੇ ਗਏ ਬਿੱਲਾਂ ’ਚੋਂ 30,000 ਰੁਪਏ ਰਿਸ਼ਵਤ ਦੀ ਮੰਗ ਕਰਦੇ ਹੋਏ ਕਿਹਾ ਕਿ ਦੂਸਰੇ ਬਿੱਲ ਤਾਂ ਹੀ ਪਾਸ ਕਰਵਾਵਾਂਗਾ ਜੇਕਰ ਪਹਿਲਾਂ ਤੋਂ ਇਹ 30,000 ਰੁਪਏ ਰਿਸ਼ਵਤ ਦੇਵੇਂਗਾ। ਮੁਦੱਈ ਦੇ ਮਿੰਨਤ ਕਰਨ ’ਤੇ ਧਰਮਵੀਰ ਇਨ੍ਹਾਂ ਬਿੱਲਾਂ ਦੀ ਅਦਾਇਗੀ ਹੋਣ ਤੋਂ ਬਾਅਦ ਰਿਸ਼ਵਤ ਦੀ ਰਕਮ ਲੈਣ ਲਈ ਰਾਜ਼ੀ ਹੋ ਗਿਆ। ਮੁਦਈ ਰਵਿੰਦਰ ਕੁਮਾਰ ਦੇ ਬਿੱਲਾਂ ਦੀ ਕਰੀਬ 81,000 ਰੁਪਏ ਦੀ ਅਦਾਇਗੀ 28 ਅਪ੍ਰੈਲ ਨੂੰ ਮੁਦੱਈ ਦੇ ਬੈਂਕ ਖਾਤੇ ’ਚ ਹੋਣ ਉਪਰੰਤ ਧਰਮਵੀਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਜਿਸ ’ਤੇ ਧਰਮਵੀਰ ਅਕਾਊਂਟੈਂਟ ਸਿਵਲ ਹਸਪਤਾਲ ਫਾਜ਼ਿਲਕਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 25,000 ਰੁਪਏ ਰਿਸ਼ਵਤ ਹਾਸਲ ਕਰਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਜਿਸ ’ਤੇ ਮੁਕੱਦਮਾ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਕੀਤਾ ਗਿਆ ਹੈ।

Gurminder Singh

This news is Content Editor Gurminder Singh