ਸ਼ਹਿਰ ਦੀਆਂ ਖੰਡਰ ਇਮਾਰਤਾਂ ਲੋਕਾਂ ਦੀ ਜਾਨ ਲਈ ਖਤਰਾ

06/19/2018 12:41:56 AM

ਰੂਪਨਗਰ, (ਵਿਜੇ)- ਸ਼ਹਿਰ ’ਚ ਕਈ ਇਮਾਰਤਾਂ ਖੰਡਰ ਖਡ਼ੀਆਂ ਹਨ ਅਤੇ ਕਿਸੇ ਵੀ ਸਮੇਂ ਡਿੱਗ ਕੇ ਕੋਈ ਹਾਦਸਾ ਕਰ ਸਕਦੀ ਹੈ, ਜਿਸਦਾ ਨਗਰ ਕੌਂਸਲ ਰੂਪਨਗਰ ਨੂੰ ਇੰਤਜਾਰ ਰਹਿੰਦਾ ਹੈ। ਰੂਪਨਗਰ ਸ਼ਹਿਰ ’ਚ ਮਹੱਲਾ ਛੋਟਾ ਖੇਡ਼ਾ, ਉੱਚਾ ਖੇਡ਼ਾ, ਮੀਰਾਂਬਾਈ ਚੌਂਕ ਆਦਿ ’ਚ ਪੁਰਾਣੀਆਂ ਇਮਾਰਤਾਂ ਖੰਡਰ ਹੋ ਕੇ ਖਡ਼ੀਆਂ ਹਨ ਅਤੇ ਉਥੋ ਲੰਘਣ  ਵਾਲੇ ਲੋਕਾਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। 
ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਮੌਸਮ ’ਚ ਖਸਤਾ ਹਾਲ ਇਮਾਰਤਾਂ ਡਿੱਗਣ ਦਾ ਸਭ ਤੋਂ ਵੱਧ ਡਰ ਰਹਿੰਦਾ ਹੈ। ਜੇਕਰ ਇਨ੍ਹਾਂ  ਇਮਾਰਤਾਂ ਨੂੰ ਤੁਰੰਤ ਨਾ ਡਿਗਾਇਆ ਗਿਆ ਤਾਂ ਇਹ ਲੋਕਾਂ ਦੀ ਜਾਨ ਲਈ ਖਤਰਾ ਸਾਬਤ ਹੋ ਸਕਦੀਆਂ ਹਨ। ਇਹ ਇਮਾਰਤਾਂ ਕਾਫੀ ਸਮੇਂ ਤੋਂ ਇਸੇ ਪ੍ਰਕਾਰ ਖਡ਼ੀਆਂ ਹਨ ਪਰ ਨਗਰ ਕੌਂਸਲ ਇਨਾਂ ਵੱਲ ਧਿਆਨ ਨਹੀ ਦੇ ਰਹੀ। ਕਾਨੂੰਨ ਅਨੁਸਾਰ ਇਨ੍ਹਾਂ  ਇਮਾਰਤਾਂ ਦੇ ਮਾਲਕਾਂ ਨੂੰ ਸਮਾਂ ਰਹਿੰਦੇ ਨੋਟਿਸ ਜਾਰੀ ਕਰਨਾ ਹੁੰਦਾ ਹੈ ਕਿ ਉਹ ਆਪਣੀਆਂ ਇਮਾਰਤਾਂ ਨੂੰ ਤੁਰੰਤ ਡਿਗਾ  ਦੇਣ ਵਰਨਾ ਨਗਰ ਕੌਂਸਲ ਆਪਣੇ ਖਰਚੇ ’ਤੇ ਇਨ੍ਹਾਂ ਨੂੰ ਡੇਗ ਦੇਵੇਗੀ ਅਤੇ ਉਸਦਾ ਸਾਰਾ ਖਰਚਾ ਇਮਾਰਤ ਦੇ ਮਾਲਕ ਤੋਂ ਵਸੂਲ ਕੀਤਾ ਜਾ ਸਕਦਾ ਹੈ ਪਰ ਕੋਈ ਵੀ ਅਧਿਕਾਰੀ ਕਾਨੂੰਨ ਅਨੁਸਾਰ ਕੰਮ ਕਰਨ ਨੂੰ ਤਿਆਰ ਨਹੀ। ਸ਼ਾਇਦ ਅਧਿਕਾਰੀਆਂ ਨੂੰ ਉਸ ਸਮੇਂ ਦਾ ਇੰਤਜਾਰ ਹੈ, ਜਦੋ ਇਹ ਇਮਾਰਤਾਂ ਡਿੱਗੇ ਅਤੇ ਇਸ ਨਾਲ ਨੁਕਸਾਨ ਹੋਵੇ ਅਤੇ ਫਿਰ ਇਹ ਅਧਿਕਾਰੀ ਹਰਕਤ ’ਚ ਆਉਣਗੇ। ਮੌਕਾ ਦੇਖਣਗੇ ਅਤੇ ਫਿਰ ਇਸਦੀ ਜਾਂਚ ਸ਼ੁਰੂ ਹੋਵੇਗੀ। ਇਸਦਾ ਨਤੀਜਾ ਕੁਝ ਵੀ ਨਹੀ ਨਿਕਲੇਗਾ। 
ਇਸੇ ਤਰਾਂ ਸ਼ਹਿਰ ’ਚ ਬਹੁਤ ਸਾਰੇ ਖਾਲੀ ਪਲਾਟ ਹਨ ਜਿਨਾਂ ’ਚ ਲੋਕ ਕੂਡ਼ਾ ਕਰਕਟ ਸੁੱਟ ਰਹੇ ਹਨ ਅਤੇ ਉਥੇ ਬਰਸਾਤੀ ਪਾਣੀ ਜਮਾਂ ਹੋ ਰਿਹਾ ਹੈ ਜੋ ਉਥੋ ਲੰਘਦੇ ਰਾਹਗੀਰਾਂ ਅਤੇ ਨਾਲ ਰਹਿ ਰਹੇ ਗੁਅਾਂਢੀਆਂ ਲਈ ਸਿਰਦਰਦ ਦਾ ਕਾਰਨ ਬਣਿਆ ਹੋਇਆ ਹੈ। ਇਨ੍ਹਾਂ ਪਲਾਟਾਂ ਦੇ ਮਾਲਕਾਂ ਦੇ ਵਿਰੁੱਧ ਵੀ ਨਗਰ ਕੌਂਸਲ ਕੋਈ ਕਾਰਵਾਈ ਨਹੀ ਕਰ ਰਹੀ ਅਤੇ ਨਾ ਹੀ ਜ਼ਿਲਾ ਪ੍ਰ੍ਰਸਾਸ਼ਨ ਨਗਰ ਕੌਂਸਲ ਵੱਲ ਕੋਈ ਧਿਆਨ ਦੇ ਰਿਹਾ ਹੈ। 
ਜੇਕਰ ਨਗਰ ਕੌਂਸਲ ਕੰਮ ਨਹੀ ਕਰਦੀ ਤਾਂ ਜ਼ਿਲਾ ਪ੍ਰਸਾਸ਼ਨ ਨੂੰ ਕਾਨੂੰਨੀ ਕਾਰਵਾਈ ਕਰਨੀ ਹੋਵੇਗੀ।
ਕੱਢੇ ਜਾਣਗੇ ਨੋਟਿਸ
ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕਡ਼ ਨੇ ਕਿਹਾ ਕਿ ਉਹ ਜਲਦ ਹੀ ਅਜਿਹੀਆਂ ਇਮਾਰਤਾਂ ਅਤੇ ਪਲਾਟਾਂ ਦਾ ਸਰਵੇ ਕਰਵਾਉਣ ਜਾ ਰਹੇ ਹਨ। ਉਸਦੇ ਬਾਅਦ ਸਬੰਧਤ ਇਮਾਰਤਾਂ ਅਤੇ ਪਲਾਟ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। 
ਜੇਕਰ ਉਨ੍ਹਾਂ ਕਾਰਵਾਈ ਨਾ ਕੀਤੀ ਤਾਂ ਨਗਰ ਕੌਂਸਲ ਇਨ੍ਹਾਂ ਇਮਾਰਤਾਂ ਨੂੰ ਡਿਗਉਣ ਤੋਂ ਗੁਰੇਜ ਨਹੀ ਕਰੇਗੀ। ਉਨ੍ਹਾਂ  ਮੰਨਿਆ ਕਿ ਇਨ੍ਹਾਂ ਇਮਾਰਤਾਂ ਤੋਂ ਜਾਨ ਅਤੇ ਮਾਲ ਦਾ ਖਤਰਾ ਹੈ। ਉਨ੍ਹਾਂ  ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਇਮਾਰਤਾਂ ਤੋਂ ਸੁਚੇਤ ਰਹਿਣ ਅਤੇ ਉਨ੍ਹਾਂ  ਦੇ ਮਾਲਕ ਇਨ੍ਹਾਂ  ਇਮਾਰਤਾਂ ਨੂੰ ਤੁਰੰਤ ਡਿਗਾਉਣ।