ਸਿਟੀ ਪੁਲਸ ਨੇ ਨੌਜਵਾਨ ਨੂੰ ਕੁੱਟਿਆ, ਗੰਭੀਰ ਸੱਟਾਂ ਲੱਗੀਆਂ

04/08/2018 1:16:15 AM

ਬਟਾਲਾ,  (ਬੇਰੀ)-  ਸਿਟੀ ਪੁਲਸ ਵੱਲੋਂ ਇਕ ਨੌਜਵਾਨ ਨਾਲ ਕੁੱਟ-ਮਾਰ ਕਰ ਕੇ ਗੰਭੀਰ ਸੱਟਾਂ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨੌਜਵਾਨ ਸੁਭਾਸ਼ ਪੁੱਤਰ ਗੁਰਦਿਆਲ ਮਹਿੰਦਰੂ ਵਾਸੀ ਸ਼ਿਵ ਕੋਟ ਬਟਾਲਾ ਦੀ ਮਾਤਾ ਸੁਦੇਸ਼ ਮਹਿੰਦਰੂ ਨੇ ਦੱਸਿਆ ਕਿ ਬੀਤੇ ਦਿਨ ਉਸਨੇ ਆਪਣੇ ਲੜਕੇ ਸੁਭਾਸ਼ ਵਿਰੁੱਧ ਥਾਣਾ ਸਿਟੀ 'ਚ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਦਰਖਾਸਤ ਦਿੱਤੀ ਸੀ, ਜਿਸ ਕਰ ਕੇ ਉਸ ਨੇ ਪੁਲਸ ਵਾਲਿਆਂ ਨੂੰ ਕਿਹਾ ਸੀ ਕਿ ਉਸਦੇ ਲੜਕੇ ਨੂੰ ਥਾਣੇ ਲਿਆ ਕੇ ਸਮਝਾ ਦੇਣ ਤਾਂ ਜੋ ਉਹ ਅੱਗੇ ਤੋਂ ਉਸ ਨੂੰ ਪ੍ਰੇਸ਼ਾਨ ਨਾ ਕਰੇ ਪਰ ਪੁਲਸ ਨੇ ਉਸਦੇ ਲੜਕੇ ਨੂੰ ਸਮਝਾਉਣ ਦੀ ਬਜਾਏ, ਉਸਦੀ ਕਾਫੀ ਕੁੱਟ-ਮਾਰ ਕੀਤੀ, ਜਿਸ ਨਾਲ ਉਸਦੇ ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹੋਰ ਤਾਂ ਹੋਰ ਉਸਦੇ ਲੜਕੇ ਸੁਭਾਸ਼ ਨੂੰ ਸਿਟੀ ਪੁਲਸ ਨੇ ਨਾਜਾਇਜ਼ ਤੌਰ 'ਤੇ ਹੀ ਥਾਣੇ ਵਿਚ ਰਾਤ ਨੂੰ ਰੱਖਿਆ ਅਤੇ ਅੱਜ ਸਵੇਰੇ ਛੱਡ ਦਿੱਤਾ। ਸੁਦੇਸ਼ ਮਹਿੰਦਰੂ ਨੇ ਦੱਸਿਆ ਕਿ ਉਸਦਾ ਲੜਕਾ ਗੰਭੀਰ ਜ਼ਖਮੀ ਹਾਲਤ 'ਚ ਘਰ ਪਹੁੰਚਿਆ ਤਾਂ ਮੁਹੱਲਾ ਵਾਸੀਆਂ ਨੇ ਉਸ ਨੂੰ ਸਿਵਲ ਹਸਪਤਾਲ ਬਟਾਲਾ ਭਰਤੀ ਕਰਵਾਇਆ। 
ਇਸ ਸਬੰਧੀ ਪਤਾ ਲੱਗਦੇ ਹੀ ਸ਼ਿਵ ਸੈਨਾ ਸਮਾਜਵਾਦੀ ਦੇ ਆਗੂ ਓਮ ਪ੍ਰਕਾਸ਼ ਸ਼ਰਮਾ ਰਾਸ਼ਟਰੀ ਮੀਤ ਪ੍ਰਧਾਨ, ਵਿਜੇ ਫੌਜੀ ਪ੍ਰਧਾਨ ਮਾਝਾ ਜ਼ੋਨ, ਕਮਲ ਵਰਮਾ, ਕਰਨ ਮਹਾਜਨ ਜਨਰਲ ਸਕੱਤਰ, ਵਿਕਾਸ ਸ਼ਰਮਾ, ਰਾਜੇਸ਼ ਅਗਰਵਾਲ, ਕੁਨਾਲ ਮਹਾਜਨ ਆਦਿ ਨੇ ਉਕਤ ਨੌਜਵਾਨ ਦੇ ਸਮਰਥਨ 'ਚ ਆਉਂਦੇ ਹੋਏ ਕਿਹਾ ਕਿ ਸਿਟੀ ਪੁਲਸ ਵੱਲੋਂ ਸੁਭਾਸ਼ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਕਤ ਆਗੂਆਂ ਨੇ ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ ਤੋਂ ਮੰਗ ਕੀਤੀ ਕਿ ਨੌਜਵਾਨ ਦੀ ਕੁੱਟ-ਮਾਰ ਕਰਨ ਵਾਲੇ ਥਾਣੇਦਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਸੁਭਾਸ਼ ਨੂੰ ਬਣਦਾ ਇਨਸਾਫ ਮਿਲ ਸਕੇ। ਜੇਕਰ ਸਬੰਧਤ ਪੁਲਸ ਕਰਮਚਾਰੀ ਵਿਰੁੱਧ ਕਾਰਵਾਈ ਨਾ ਹੋਈ ਤਾਂ ਸ਼ਿਵ ਸੈਨਾ ਸਮਾਜਵਾਦੀ ਸੰਘਰਸ਼ ਕਰੇਗੀ। 
ਕੀ ਕਹਿਣਾ ਹੈ ਐੱਸ. ਐੱਚ. ਓ. ਦਾ? 
ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਵਿਸ਼ਵਾ ਮਿੱਤਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨ ਸੁਭਾਸ਼ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਆਪਣੀ ਮਾਤਾ ਸ਼੍ਰੀਮਤੀ ਸੁਦੇਸ਼ ਮਹਿੰਦਰੂ ਨਾਲ ਕੁੱਟ-ਮਾਰ ਕਰਦਾ ਸੀ, ਜਿਸ ਸਬੰਧ 'ਚ ਸ਼੍ਰੀਮਤੀ ਸੁਦੇਸ਼ ਮਹਿੰਦਰੂ ਨੇ ਪੁਲਸ ਨੂੰ ਦਰਖਾਸਤ ਦਿੱਤੀ ਸੀ ਅਤੇ ਪੁਲਸ ਨੇ ਉਕਤ ਨੌਜਵਾਨ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਨਾਲ ਥਾਣਾ ਸਿਟੀ ਦੇ ਕਿਸੇ ਵੀ ਕਰਮਚਾਰੀ/ਥਾਣੇਦਾਰ ਨੇ ਕੋਈ ਕੁੱਟ-ਮਾਰ ਨਹੀਂ ਕੀਤੀ ਅਤੇ ਪੁਲਸ 'ਤੇ ਲਾਏ ਗਏ ਦੋਸ਼ ਝੂਠੇ ਹਨ।