ਸਿਟੀ ਇੰਸਟੀਚਿਊਟ : ਜੇਕਰ ਕਿਤੇ ਹੋ ਜਾਂਦਾ ਧਮਾਕਾ ਤਾਂ...

10/11/2018 7:01:56 PM

ਜਲੰਧਰ (ਰਵਿੰਦਰ ਸ਼ਰਮਾ) : ਖੁਦਾ ਨਾ ਖਾਸਤਾ ਜੇਕਰ ਅੱਤਵਾਦੀ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਧਮਾਕਾ ਕਰਨ 'ਚ ਅਸਫਲ ਵੀ ਰਹਿੰਦੇ ਤਾਂ ਉਹ ਅਸਾਲਟ ਰਾਈਫਲ ਨਾਲ ਵੀ ਭੀੜ-ਭੜੱਕੇ ਵਾਲੇ ਸਥਾਨਾਂ 'ਤੇ ਜਾਨੀ ਨੁਕਸਾਨ ਕਰ ਸਕਦੇ ਸਨ। ਫੜੇ ਗਏ ਅੱਤਵਾਦੀਆਂ ਤੋਂ ਪੁਲਸ ਨੇ 51 ਰਾਊਂਡ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਸਾਲਟ ਰਾਈਫਲ ਦੇ ਇਕ ਰਾਊਂਡ ਨਾਲ ਇਕ ਜਾਨ ਜਾਣੀ ਤੈਅ ਹੈ। ਇਸ ਤਰ੍ਹਾਂ 51 ਰਾਊਂਡ ਨਾਲ 51 ਜਾਨਾਂ ਜਾਣੀਆਂ ਤੈਅ ਸਨ। ਇਸ ਤੋਂ ਇਲਾਵਾ ਫਾਇਰਿੰਗ ਹੋਣ ਨਾਲ ਜੇਕਰ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਭਾਜੜ ਪੈ ਜਾਂਦੀ ਤਾਂ ਇਸ ਨਾਲ ਜਾਨੀ ਨੁਕਸਾਨ ਕਿਤੇ ਜ਼ਿਆਦਾ ਹੋ ਸਕਦਾ ਸੀ। 

ਇਹ ਸਥਾਨ ਬਣ ਸਕਦੇ ਸਨ ਨਿਸ਼ਾਨਾ
ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਟਾਰਗੇਟ 'ਤੇ ਸ਼ਹਿਰ ਦਾ ਮਾਡਲ ਟਾਊਨ ਇਲਾਕਾ, ਭੀੜ-ਭੜੱਕੇ ਵਾਲਾ ਜੋਤੀ ਚੌਕ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸੁੱਚੀ ਪਿੰਡ ਆਇਲ ਡਿਪੂ,      ਸੂਰਾਨੁੱਸੀ ਹਥਿਆਰ ਡਿਪੂ, ਕੰਟੋਨਮੈਂਟ ਏਰੀਆ, ਸਿੱਖਿਆ ਸੰਸਥਾਵਾਂ, ਐੱਮ. ਬੀ. ਡੀ. ਮਾਲ, ਵੀਵਾ ਕੋਲਾਜ਼, ਕਿਊਰੋ ਮਾਲ ਦੇ ਇਲਾਵਾ ਧਾਰਮਿਕ ਸਥਾਨ ਵੀ ਹੋ ਸਕਦੇ ਸਨ।

ਹੋ ਸਕਦਾ ਸੀ ਭਾਰੀ ਜਾਨੀ ਨੁਕਸਾਨ
ਆਓ ਇਹ ਵੀ ਜਾਣਦੇ ਹਾਂ ਕਿ ਤਿਉਹਾਰੀ ਸੀਜ਼ਨ ਜਾਂ ਸੰਡੇ ਮਾਰਕੀਟ ਦੌਰਾਨ ਜੋਤੀ ਚੌਕ 'ਚ ਇਕ ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਨਾਲ ਕਿੰਨਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਇਕ ਕਿਲੋ ਵਰਗ ਮੀਟਰ 'ਚ 2.5 ਦੇ ਕਰੀਬ ਲੋਕ ਭੀੜ ਭੜੱਕੇ ਵਾਲੇ ਇਲਾਕੇ 'ਚ ਕਵਰ ਹੁੰਦੇ ਹਨ। ਜੇਕਰ ਇਕ ਕਿਲੋਗ੍ਰਾਮ ਆਰ. ਡੀ. ਐਕਸ ਨਾਲ ਧਮਾਕਾ ਕੀਤਾ ਜਾਂਦਾ ਤਾਂ ਇਸ ਦਾ ਕਵਰਿੰਗ ਏਰੀਆ ਇਕ ਕਿਲੋਮੀਟਰ ਦੇ ਕਰੀਬ ਹੋਵੇਗਾ ਪਰ ਕਿਲਿੰਗ ਕਪੈਸਿਟੀ 100 ਮੀਟਰ ਦੇ ਏਰੀਏ 'ਚ ਹੋਵੇਗੀ ਭਾਵ 100 ਮੀਟਰ ਦੇ ਏਰੀਏ 'ਚ 250 ਦੇ ਲਗਭਗ ਖੜ੍ਹੇ ਇਸ ਇਕ ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਨਾਲ ਟਾਰਗੇਟ ਹੋ ਸਕਦੇ ਸਨ। ਇਸ ਨਾਲ ਇਕ ਕਿਲੋਮੀਟਰ ਦੇ ਏਰੀਏ ਤੱਕ ਦੀਆਂ ਬਿਲਡਿੰਗਾਂ ਦੇ ਸ਼ੀਸ਼ੇ ਤੱਕ ਟੁੱਟ ਸਕਦੇ ਸਨ।
* ਪੁਲਸ ਅਨੁਸਾਰ ਜੋਤੀ ਚੌਕ ਦੇ ਆਸ-ਪਾਸ ਲੱਗਣ ਵਾਲੇ ਸੰਡੇ ਬਾਜ਼ਾਰ 'ਚ ਭੀੜ-ਭੜੱਕੇ ਸਮੇਂ ਲਗਭਗ 5 ਤੋਂ 8 ਹਜ਼ਾਰ ਵਿਅਕਤੀ ਹੁੰਦੇ ਹਨ ਜੇਕਰ ਉਸ ਵੇਲੇ ਧਮਾਕਾ ਹੁੰਦਾ ਤਾਂ ਜ਼ਿਆਦਾ ਜਾਨੀ ਨੁਕਸਾਨ ਹੁੰਦਾ।
* ਪੁਲਸ ਦੇ ਅਨੁਮਾਨ ਅਨੁਸਾਰ ਮਾਡਲ ਟਾਊਨ ਇਲਾਕੇ 'ਚ ਐਤਵਾਰ ਵਾਲੇ ਦਿਨ ਲਗਭਗ ਢਾਈ ਤੋਂ 5 ਹਜ਼ਾਰ ਵਿਅਕਤੀ ਬਾਜ਼ਾਰ 'ਚ ਸ਼ਾਪਿੰਗ ਲਈ ਆਉਂਦੇ ਹਨ ਜੇਕਰ ਉਸ ਵੇਲੇ ਧਮਾਕਾ ਹੁੰਦਾ ਤਾਂ ਉਸ ਵੇਲੇ ਵੀ ਜਾਨੀ ਨੁਕਸਾਨ ਹੁੰਦਾ।

ਢਹਿ ਢੇਰੀ ਹੋ ਸਕਦੀਆਂ ਸਨ ਕਈ ਵੱਡੀਆਂ ਇਮਾਰਤਾਂ
ਇਸ ਤਰ੍ਹਾਂ ਜੇਕਰ ਇਹ ਹੀ ਧਮਾਕਾ ਕਿਸੇ ਸਿੱਖਿਆ ਸੰਸਥਾ ਜਾਂ ਮਾਲ 'ਚ ਹੁੰਦਾ ਤਾਂ ਹੋਰ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਧਮਾਕੇ ਦੌਰਾਨ ਪੂਰੀ ਦੀ ਪੂਰੀ ਬਿਲਡਿੰਗ ਢਹਿ-ਢੇਰੀ ਹੋ ਸਕਦੀ ਸੀ। ਇਸ ਤਰ੍ਹਾਂ ਜੇਕਰ ਸੁੱਚੀ ਪਿੰਡ ਆਇਲ ਡਿਪੂ ਨੂੰ ਨਿਸ਼ਾਨਾ ਬਣਾਉਂਦੇ ਤਾਂ ਅੱਧੇ ਦੇ ਕਰੀਬ ਸ਼ਹਿਰ ਇਸਦੀ ਲਪੇਟ 'ਚ ਆ ਸਕਦਾ ਸੀ। ਜੇਕਰ ਇਹ ਅੱਤਵਾਦੀ ਇਨ੍ਹਾਂ ਸਾਰੇ ਪ੍ਰਮੁੱਖ ਸਥਾਨਾਂ ਨੂੰ ਆਪਣਾ ਟਾਰਗੇਟ ਲੜੀਵਾਰ ਧਮਾਕੇ ਰਾਹੀਂ ਬਣਾਉਂਦੇ ਸਨ ਤਾਂ ਇਹ ਕਦੇ ਨਾ ਭੁੱਲਣ ਵਾਲਾ ਮੰਜਰ ਹੋ ਸਕਦਾ ਸੀ ਪਰ ਸ਼ਾਬਾਸ਼ ਜੇ. ਐਂਡ. ਕੇ. ਅਤੇ ਪੰਜਾਬ ਪੁਲਸ ਦੇ, ਜਿਨ੍ਹ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਅੱਤਵਾਦੀਆਂ ਦੇ ਟਾਰਗੇਟ ਨੂੰ ਬੁਰੀ ਤਰ੍ਹਾਂ ਫਲਾਪ ਕਰ ਦਿੱਤਾ।

ਕੁਝ ਦਿਨ ਪਹਿਲਾਂ ਤਿੰਨੇ ਕਸ਼ਮੀਰ ਫੈਸਟੀਵਲ 'ਚ ਹਿੱਸਾ ਲੈਣ ਗਏ ਸਨ
ਸੂਤਰਾਂ ਨੇ ਦੱਸਿਆ ਕਿ ਸੀ. ਟੀ. ਇੰਸਟੀਚਿਊਟ 'ਚ ਫੜੇ ਗਏ ਤਿੰਨੇ ਵਿਦਿਆਰਥੀ ਜੋ ਕੁਝ ਦਿਨ ਪਹਿਲਾਂ ਮੁਸਲਿਮ ਫੈਸਟੀਵਲ 'ਚ ਹਿੱਸਾ ਲੈਣ ਲਈ ਇਕੱਠੇ ਗਏ, ਜਿਨ੍ਹਾਂ 'ਚੋਂ 2 ਸੀ. ਟੀ. ਦੇ ਵਿਦਿਆਰਥੀ ਸਨ ਅਤੇ ਤੀਸਰਾ ਦੂਸਰੇ ਕਾਲਜ ਦਾ ਜੋ ਇਨ੍ਹਾਂ ਦੇ ਨਾਲ ਹੀ ਜੰਮੂ-ਕਸ਼ਮੀਰ ਗਿਆ ਸੀ। ਇਸਦੇ ਮਗਰੋਂ ਦੂਜੀ ਵਾਰ ਇਹ ਦੋ ਦਿਨ ਪਹਿਲਾਂ ਹੋਸਟਲ 'ਚ ਰਹਿਣ ਲਈ ਆਏ। ਇਸ ਸਬੰਧੀ ਗੇਟ ਦੇ ਰਜਿਸਟਰ 'ਤੇ ਐਂਟਰੀ ਸੀ, ਜਿਸ ਦੀ ਜਾਂਚ ਪੁਲਸ ਕਰ ਰਹੀ ਹੈ। ਪੁਲਸ ਨੇ ਕਾਲਜ 'ਚ ਲੱਗੇ ਕੈਮਰਿਆਂ ਤੋਂ ਬੈਕਅਪ ਅਤੇ ਰਜਿਸਟਰ ਆਪਣੇ ਕਬਜ਼ੇ 'ਚ ਲਏ ਹਨ।