ਸਿਟੀ ਸੈਂਟਰ ਸਕੈਮ ''ਚ ਕੈਪਟਨ ਦੇ ਬਰੀ ਹੋਣ ''ਤੇ ਹਰਪਾਲ ਚੀਮਾ ਦਾ ਵੱਡਾ ਬਿਆਨ

11/27/2019 6:43:42 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਲਗਭਗ ਸਾਢੇ 1100 ਕਰੋੜ ਰੁਪਏ ਵਾਲੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੇ ਕੇਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਦੇ ਬਰੀ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੱਤਾ ਦੀ ਦੁਰਵਰਤੋਂ ਦਾ ਸਿਖਰ ਹੈ ਅਤੇ ਬਾਦਲ-ਕੈਪਟਨ ਸਾਂਝ ਦਾ ਨਤੀਜਾ ਹੈ। 'ਆਪ' ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਸਿਟੀ ਸੈਂਟਰ ਘੋਟਾਲਾ ਕੇਸ ਦੇ ਫ਼ੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਵਿਜੀਲੈਂਸ ਬਿਊਰੋ ਅਤੇ ਐਡਵੋਕੇਟ ਜਨਰਲ ਦਫ਼ਤਰ ਸੱਤਾਧਾਰੀ ਧਿਰ ਦੀ ਕਠਪੁਤਲੀ ਬਣ ਕੇ ਕਾਨੂੰਨ ਅਤੇ ਸੂਬੇ ਦੇ ਹਿੱਤਾਂ ਨੂੰ ਛਿੱਟੇ ਟੰਗ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਦੂਸਰੇ ਕਥਿਤ ਦੋਸ਼ੀ ਘੁਟਾਲੇ ਬਾਜ਼ ਨਹੀਂ ਹਨ ਤਾਂ ਇਹ 1144 ਕਰੋੜ ਰੁਪਏ ਦਾ ਵੱਡਾ ਘੋਟਾਲਾ ਕਿਸਨੇ ਕੀਤਾ? 

ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਡੇ-ਵੱਡੇ ਦਾਅਵਿਆਂ ਨਾਲ ਪਹਿਲਾਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਦਾ ਕੇਸ ਦਰਜ ਕਰਦੀ ਹੈ ਫਿਰ ਖ਼ੁਦ ਹੀ ਕਲੋਜ਼ਰ ਰਿਪੋਰਟ ਦਾਇਰ ਕਰ ਦਿੰਦੀ ਹੈ। ਚੀਮਾ ਨੇ ਕਿਹਾ ਕਿ ਇਸ ਕੇਸ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਬਾਦਲ ਪਰਿਵਾਰ ਅਤੇ ਕੈਪਟਨ ਇਕ ਦੂਸਰੇ ਨੂੰ ਕਰੋੜਾਂ ਅਰਬਾਂ ਦੇ ਘੁਟਾਲਿਆਂ 'ਚ ਕਿੰਝ ਬਚਾਉਂਦੇ ਹਨ? ਉਨ੍ਹਾਂ ਕਿਹਾ ਕਿ ਜੇਕਰ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਹੁੰਦੇ ਤਾਂ ਕੈਪਟਨ ਅਤੇ ਦੂਸਰੇ ਕਥਿਤ ਦੋਸ਼ੀ ਇੰਝ ਨਾ ਬਚਦੇ ਅਤੇ ਠੀਕ ਇਸੇ ਤਰ੍ਹਾਂ ਜੇਕਰ ਕੈਪਟਨ ਨੂੰ ਪੰਜਾਬ ਦੇ ਹਿੱਤ ਪਿਆਰੇ ਹੁੰਦੇ ਤਾਂ ਬਾਦਲ ਪਰਿਵਾਰ ਵੀ 3500 ਕਰੋੜ ਰੁਪਏ ਦੇ ਕਥਿਤ ਘੁਟਾਲੇ 'ਚ ਬਰੀ ਨਾ ਹੁੰਦਾ।

Gurminder Singh

This news is Content Editor Gurminder Singh