ਨਾਗਰਿਕਤਾ ਸੋਧ ਕਾਨੂੰਨ ਰਾਹੀਂ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ : ਜਾਖੜ

01/18/2020 12:40:43 AM

ਜਲੰਧਰ/ਚੰਡੀਗੜ੍ਹ,(ਧਵਨ, ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਰਾਹੀਂ ਦੇਸ਼ ਨੂੰ ਵੰਡਣਾ ਚਾਹੁੰਦੀ ਹੈ, ਜਿਸ ਬਾਰੇ ਨੌਜਵਾਨ ਵਰਗ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸੂਬਾ ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਉਹ ਦੇਸ਼ ਨੂੰ ਮਜ਼ਬੂਤ ਕਰਨ 'ਚ ਆਪਣਾ ਯੋਗਦਾਨ ਪਾਉਣ। ਸੀ. ਏ. ਏ. ਰਾਹੀਂ ਲੋਕਾਂ ਨੂੰ ਆਪਸ 'ਚ ਲੜਾਉਣ ਦੀ ਸਾਜ਼ਿਸ਼ ਭਾਜਪਾ ਵੱਲੋਂ ਰਚੀ ਗਈ ਕਿਉਂਕਿ ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਭਾਜਪਾ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਸੀ, ਉਸ ਨੂੰ ਦੇਖਦੇ ਹੋਏ ਅਜਿਹੇ ਕਾਨੂੰਨ ਲਿਆ ਕੇ ਲੋਕਾਂ 'ਚ ਇਕ ਦੂਜੇ ਦੇ ਖ਼ਿਲਾਫ਼ ਨਫ਼ਰਤ ਦੇ ਬੀਜ ਬੀਜਣ ਦੀ ਸਾਜ਼ਿਸ਼ ਕੀਤੀ ਗਈ।

ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਰੋਜ਼ਗਾਰ ਅਤੇ ਸਿੱਖਿਆ ਦੇਣ ਅਤੇ ਮਹਿੰਗਾਈ ਨੂੰ ਵਧਣੋਂ ਰੋਕਣ ਸਮੇਤ ਸਭਨਾਂ ਮੁਹਾਜ਼ਾਂ 'ਤੇ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਦੇਸ਼ 'ਚ ਜਿਹੜੀ ਨਫ਼ਰਤ ਦੀ ਖੇਤੀ ਦਾ ਧੰਦਾ ਚਲਾਇਆ ਜਾ ਰਿਹਾ ਹੈ, ਉਸ ਦੇ ਖ਼ਤਰਨਾਕ ਨਤੀਜੇ ਨਿਕਲਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਸਰਕਾਰ ਦੀ ਇਸ ਗੰਦੀ ਰਾਜਸੀ ਖੇਡ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਅਤੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨ ਦੇ ਆਪਣੇ ਫ਼ਰਜ਼ ਨੂੰ ਨਿਭਾਉਣ। ਉਨ੍ਹਾਂ ਕਿਹਾ ਕਿ ਦਰਅਸਲ ਕੇਂਦਰ ਸਰਕਾਰ ਦੇ ਪਿੱਛੇ ਆਰ.ਐੱਸ.ਐੱਸ. ਦੀ ਸੋਚ ਕੰਮ ਕਰ ਰਹੀ ਹੈ ਅਤੇ ਇਸ ਸੋਚ ਦਾ ਮਕਸਦ ਦੇਸ਼ 'ਚ ਫ਼ਿਰਕ਼ਿਆਂ 'ਚ ਇਕਸੁਰਤਾ ਦੇ ਮਾਹੌਲ ਨੂੰ ਖ਼ਰਾਬ ਕਰਨਾ ਹੈ। ਇਸ ਅਵਸਰ 'ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ , ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸੈਲੇਕੇ, ਪੰਜਾਬ ਮਹਿਲਾ ਕਾਂਗਰਸ ਦੀ ਇੰਚਾਰਜ ਮਮਤਾ ਭੁਪੇਸ਼ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਵੀ ਮੌਜੂਦ ਸਨ।