ਭਾਣਜੀ ਦੇ ਵਿਆਹ ’ਚ ਖੁਸ਼ੀ ’ਚ ਦਾਗੇ ਫਾਇਰ, ਪੁਲਸ ਨੇ ਦਰਜ ਕੀਤਾ ਮਾਮਲਾ

12/05/2022 5:51:09 PM

ਘਨੌਰ (ਅਲੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਵਿਆਹ-ਸ਼ਾਦੀਆਂ ਅਤੇ ਧਾਰਮਿਕ ਸਮਾਗਮਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ’ਤੇ ਪੂਰੀ ਤਰ੍ਹਾਂ ਲਗਾਈ ਗਈ ਪਾਬੰਦੀ ਨੂੰ ਧਿਆਨ ’ਚ ਰੱਖਦਿਆਂ ਘਨੌਰ ਪੁਲਸ ਨੇ ਵਿਆਹ ਸਮਾਗਮ ’ਚ ਫਾਇਰਿੰਗ ਕਰਦੇ 2 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਮਾੜ੍ਹੀਆ ਮੌਜੂਦ ਸੀ। ਇਤਲਾਹ ਮਿਲੀ ਕਿ ਜਸਮੇਰ ਗਿਰੀ ਆਪਣੇ ਭਾਣਜੀ ਦੇ ਵਿਆਹ ’ਚ ਆਪਣੇ ਲੜਕੇ ਸਤੀਸ਼ ਕੁਮਾਰ ਦੀ ਲਾਇਸੰਸੀ ਰਿਵਾਲਵਰ ਲੈ ਕੇ ਲੋਕਾਂ ਨਾਲ ਭੰਗੜਾ ਪਾ ਰਿਹਾ ਹੈ ਅਤੇ ਆਪਣੇ ਲੜਕੇ ਦੇ ਹੱਥ ’ਚ ਰਿਵਲਵਰ ਫੜ੍ਹਾ ਕੇ ਫਾਇਰ ਕਰਵਾ ਰਿਹਾ ਹੈ, ਜਿਸ ਨਾਲ ਕੋਈ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। 

ਇਸ ਘਟਨਾ ਦੀ ਬਕਾਇਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੁਲਸ ਨੇ ਜਸਮੇਰ ਗਿਰੀ ਪੁੱਤਰ ਰਾਮ ਸਰੂਪ, ਸਤੀਸ਼ ਕੁਮਾਰ ਪੁੱਤਰ ਜਸਮੇਰ ਗਿਰੀ ਵਾਸੀਆਨ ਸ਼ਾਮਪੁਰ, ਸੋਹਣਾ ਜ਼ਿਲ੍ਹਾ ਮੋਹਾਲੀ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh