ਚਿੱਟੇ ਦਾ ਝੂਠਾ ਕੇਸ ਤੇ ਪੈਸੇ ਲੈਣ ਦੇ ਦੋਸ਼ ’ਚ CIA ਦੇ 3 ਮੁਲਾਜ਼ਮਾਂ ’ਤੇ ਕੇਸ ਦਰਜ

08/30/2019 11:30:22 PM

ਬਠਿੰਡਾ,(ਵਰਮਾ) : ਸੀ. ਆਈ. ਏ. ਸਟਾਫ਼ ਦੇ 3 ਮੁਲਾਜ਼ਮਾਂ ’ਤੇ ਚਿੱਟੇ ਦਾ ਝੂਠਾ ਕੇਸ ਪਾਉਣ ਅਤੇ ਪੈਸੇ ਲੈਣ ਦੇ ਦੋਸ਼ ਸਾਬਿਤ ਹੋਣ ’ਤੇ ਬਠਿੰਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ, ਜਦਕਿ ਥਾਣਾ ਇੰਚਾਰਜ ਅਮ੍ਰਿਤਪਾਲ ਭਾਟੀ ਨੂੰ ਕੇਸ ਤੋਂ ਬਾਹਰ ਰੱਖਿਆ ਗਿਆ ਹੈ। ਐੱਸ. ਪੀ. ਬਿਊਰੋ ਆਫ਼ ਇਨਵੈਸਟੀਗੇਸ਼ਨ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਜਾਂਚ ਦੌਰਾਨ ਥਾਣੇਦਾਰ ਰਵਨੀਤ ਉਰਫ਼ ਰਵੀ ਕੁਮਾਰ, ਹੌਲਦਾਰ ਕੁਲਵਿੰਦਰ ਸਿੰਘ, ਸਿਪਾਹੀ ਗੁਰਪਾਲ ਸਿੰਘ ਦੋਸ਼ੀ ਪਾਏ ਗਏ ਅਤੇ ਉਨ੍ਹਾਂ ਵਿਰੁੱਧ ਥਾਣਾ ਥਰਮਲ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ. ਆਈ. ਏ-1 ਇੰਚਾਰਜ ਅਮ੍ਰਿਤਪਾਲ ਭਾਟੀ ਦੇ ਵਿਰੁੱਧ ਨਾ ਹੀ ਕੋਈ ਸ਼ਿਕਾਇਤ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਵਿਰੁੱਧ ਕੋਈ ਬਿਆਨ ਦਿੱਤਾ ਇਸ ਲਈ ਉਨ੍ਹਾਂ ਨੂੰ ਕੇਸ ਤੋਂ ਬਾਹਰ ਰੱਖਿਆ ਗਿਆ ਪਰ ਇੰਚਾਰਜ ਹੋਣ ਦੇ ਨਾਤੇ ਫਿਲਹਾਲ ਉਹ ਮੁਅੱਤਲ ਰਹਿਣਗੇ ਅਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਪੁਲਸ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰੇਗੀ ਅਤੇ ਇਨ੍ਹਾਂ ਤੋਂ ਰਿਸ਼ਵਤ ਵਜੋਂ ਲਏ ਗਏ ਪੈਸੇ ਬਰਾਮਦ ਕਰੇਗੀ।

ਕੀ ਸੀ ਮਾਮਲਾ

8 ਜੁਲਾਈ 2019 ਨੂੰ ਸੀ. ਆਈ. ਏ.-1 ਵੱਲੋਂ 50 ਗ੍ਰਾਮ ਹੈਰੋਇਨ ਰੱਖਣ ਦਾ ਦੋਸ਼ ਰਣਜੀਤ ਸਿੰਘ, ਕੁਲਦੀਪ ਸਿੰਘ, ਸੁਪਰੀਮ ਸਿੰਘ ’ਤੇ ਲਾਇਆ ਗਿਆ ਸੀ ਅਤੇ ਉਨ੍ਹਾਂ ’ਤੇ ਮਾਮਲਾ ਵੀ ਦਰਜ ਕਰ ਲਿਆ ਸੀ। ਪੁਲਸ ਨੇ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਚਿੱਟੇ ਨਾਲ ਸਕੌਡਾ ਕਾਰ ’ਚ ਵਿਖਾਈ ਸੀ। ਅਸਲ ’ਚ ਸਾਬਕਾ ਸਰਪੰਚ ਭੋਲਾ ਸਿੰਘ ਨੇ ਆਪਣੇ ਲੜਕੇ ਕੁਲਦੀਪ ਸਿੰਘ ਨੂੰ ਝੂਠਾ ਫਸਾਉਣ ਦੀ ਸ਼ਿਕਾਇਤ ਕੀਤੀ ਸੀ।

\