ਟਰੱਕ 'ਚੋਂ ਚੂਰਾ ਪੋਸਤ ਬਰਾਮਦ ਹੋਣ 'ਤੇ 2 ਵਿਅਕਤੀ ਗ੍ਰਿਫਤਾਰ

11/04/2017 3:29:15 PM

ਹੁਸ਼ਿਆਰਪੁਰ (ਆਰ. ਸੀ. ਝਾਵਰ) - ਮੁਕੇਰੀਆਂ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇਕ ਟਰੱਕ ਦੀ ਤਲਾਸ਼ੀ ਲੈਂਦਿਆਂ ਉਸ 'ਚੋਂ 6 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਦਿਲਬਾਗ ਸਿੰਘ ਥਾਣਾ ਮੁਕੇਰੀਆਂ, ਏ. ਐੱਸ. ਆਈ. ਮਹੇਸ਼ ਕੁਮਾਰ ਅਤੇ ਹੋਰ ਕਰਮਚਾਰੀਆਂ ਨਾਲ ਗਸ਼ਤ ਕਰ ਰਹੇ ਸਨ। ਗਸ਼ਤ ਦੌਰਾਨ ਬਾਹੱਦ ਰਕਬਾ ਰੰਗਾ ਮੋੜ ਭੰਗਾਲਾ ਤੋਂ ਆ ਰਹੇ ਟਰੱਕ ਨੂੰ ਰੋਕ ਲਿਆ। ਟਰੱਕ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 6 ਕਿੱਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਣ 'ਤੇ 2 ਵਿਅਕਤੀਆਂ ਖਿਲਾਫ ਥਾਣਾ ਮੁਕੇਰੀਆ ਵਿਖੇ ਮਾਮਲਾ ਦਰਜ ਕੀਤਾ ਗਿਆ। ਉਕਤ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਨਾਂ ਤੋਂ ਹੋਈ ਹੈ। ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।