ਮੁਕਤਸਰ 'ਚ 14 ਤੋਂ 21 ਤੱਕ ਮਨਾਇਆ ਜਾਵੇਗਾ ਬਾਲ ਮਜ਼ਦੂਰੀ ਖਾਤਮਾ ਸਪਤਾਹ

11/14/2017 11:23:56 AM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 14 ਤੋਂ 21 ਨਵੰਬਰ 2017 ਤੱਕ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਕੁਮਾਰ ਆਈ. ਏ. ਐਸ. ਨੇ ਦੱਸਿਆ ਕਿ ਇਸ ਸਪਤਾਹ ਦੌਰਾਨ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿਜ ਅਤੇ ਗੈਰ ਖ਼ਤਰਨਾਕ ਕਿੱਤਿਆਂ ਤੇ ਪ੍ਰੋਸੈਸਿੰਗ ਵਿਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਸੀਨੀਅਰ ਪੁਲਸ ਕਪਤਾਨ, ਉਪ ਮੰਡਲ ਮੈਜਿਸਟ੍ਰੇਟ,(ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ) ਸਿਵਲ ਸਰਜਨ, ਸਹਾਇਕ ਡਾਇਰੈਕਟਰ ਆਫ਼ ਫੈਕਟਰੀਜ਼, ਜ਼ਿਲਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫ਼ਸਰ, ਜ਼ਿਲਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਹਾਇਕ ਕਿਰਤ ਕਮਿਸ਼ਨਰ ਮੋਗਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਵੰਡ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਮਾਂ ਸਬੰਧਿਤ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਹਫ਼ਤੇ ਦੌਰਾਨ ਚੈਕਿੰਗ ਕਰ ਕੇ ਆਪਣੀ ਰਿਪੋਰਟ ਸਹਾਇਕ ਕਿਰਤ ਕਮਿਸ਼ਨਰ ਮੋਗਾ ਨੂੰ ਭੇਜਣਗੀਆਂ ਅਤੇ ਸਹਾਇਕ ਕਿਰਤ ਕਮਿਸ਼ਨਰ ਵਲੋਂ ਇਹ ਰਿਪੋਰਟਾਂ ਸਰਕਾਰ ਨੂੰ ਭਿਜਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਕਿਸੇ ਵੀ ਢਿੱਲ ਜਾਂ ਅਣਗਹਿਲੀ ਲਈ ਸਬੰਧਿਤ ਵਿਭਾਗ ਦੀ ਜੰਮੇਵਾਰੀ ਹੋਵੇਗੀ। 
ਉਨ੍ਹਾਂ ਨੇ ਦੱਸਿਆਂ ਕਿ ਇਹ ਟੀਮਾਂ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ ਦੌਰਾਨ ਵੱਖ-ਵੱਖ ਵਪਾਰਕ ਅਦਾਰਿਆਂ, ਘਰੇਲੂ ਕੰਮਾਂ ਵਿਚ ਲੱਗੇ ਬਾਲ ਕਿਰਤੀਆਂ ਆਦਿ ਦੀ ਵਿਸ਼ੇਸ਼ ਪੜਤਾਲ ਮੁਹਿੰਮ ਚਲਾ ਕੇ 14 ਸਾਲ ਤੋਂ ਘੱਟ ਉਮਰ ਦੇ ਬਾਲ ਮਜ਼ਦੂਰਾਂ ਦੀ ਸ਼ਨਾਖ਼ਤ ਕਰਨਗੇ ਅਤੇ ਉਨ੍ਹਾਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰਵਾ ਕੇ ਜਾਂ ਤਾਂ ਉਨਾਂ ਦੇ ਮਾਪਿਆਂ ਨੂੰ  ਅਤੇ ਮਾਪੇ ਨਾ ਹੋਣ ਦੀ ਸੂਰਤ ਵਿੱਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਬਾਲ ਘਰਾਂ ਵਿੱਚ ਭੇਜਣ ਲਈ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਬਾਲ ਮਜ਼ਦੂਰ ਤੋਂ ਬੰਧੂਆ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜ਼ਿਲੇ ਵਿੱਚ ਮਜ਼ਦੂਰਾਂ ਦੇ ਹੱਕਾਂ ਦੀ ਪੂਰੀ ਤਰਾਂ ਰਾਖੀ ਕੀਤੀ ਜਾਵੇਗੀ, ਚਾਹੇ ਉਹ ਕਿਸੇ ਵੀ ਕਾਰੋਬਾਰ ਵਿੱਚ ਕੰਮ ਕਰਦੇ ਹੋਣ। ਉਨ੍ਹਾਂ ਜ਼ਿਲੇ ਦੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਮਜ਼ਦੂਰ ਨੂੰ ਬੰਧੂਆ ਬਣਾ ਕੇ ਕੰਮ ਲੈਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਵੇ ਤਾਂ ਉਹ ਤੁਰੰਤ ਸਬੰਧਿਤ ਸਬ ਡਵੀਜ਼ਨ ਮੈਜਿਸਟ੍ਰੇਟ ਨਾਲ ਸੰਪਰਕ ਕਰਨ।
ਉਨ੍ਹਾਂ ਨੇ ਦੱਸਿਆ ਕਿ ਬਾਲ ਮਜ਼ਦੂਰੀ (ਮਨਾਹੀ ਤੇ ਨਿਯੰਤਰਨ) ਐਕਟ 1986 ਦੀ ਧਾਰਾ ਅਧੀਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੀ ਮੁਕੰਮਲ ਮਨਾਹੀ ਹੈ। ਉਨ੍ਹਾਂ ਕਿਹਾ ਕਿ ਇਸ ਮਨਾਹੀ ਦੀ ਉਲੰਘਣਾ ਕਰਕੇ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ ਬਣਦਾ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ।  ਦਫ਼ਤਰ ਸਹਾਇਕ ਕਿਰਤ ਕਮਿਸ਼ਨਰ, ਮੋਗਾ ਵਿਖੇ ਚਾਈਲਡ ਹੈਲਪ ਲਾਈਨ ਟੈਲੀਫੋਨ ਨੰ. 01636-235158 ਤੇ ਸਥਾਪਤ ਕੀਤੀ ਗਈ ਹੈ, ਜ਼ਿਲੇ ਦੀਆਂ ਬਾਲ ਮਜ਼ਦੂਰੀ ਸਬੰਧੀ ਸ਼ਿਕਾਇਤਾਂ ਇਸ ਹੈਲਪ ਲਾਈਨ ਨੰਬਰ ਤੇ ਪ੍ਰਾਪਤ ਕੀਤੀਆਂ ਜਾਣਗੀਆਂ।