ਬਰਸਾਤੀ ਚੋਅ ''ਚ ਡੁੱਬਿਆ 12 ਸਾਲਾਂ ਦਾ ਬੱਚਾ, ਅੱਖ ਬਚਾ ਕੇ ਮੀਂਹ ਪੈਂਦੇ ''ਚ ਚਲਾ ਗਿਆ ਸੀ ਘਰੋਂ

07/24/2023 11:36:35 AM

ਡੇਰਾਬੱਸੀ (ਅਨਿਲ) : ਨੇੜਲੇ ਪਿੰਡ ਸਮਗੋਲੀ ਦੇ ਇਕ 12 ਸਾਲਾ ਮੁੰਡੇ ਦੀ ਬਰਸਾਤੀ ਨਾਲੇ 'ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰੀਸ਼ ਪੁੱਤਰ ਪੱਪੂ ਵਾਸੀ ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਸਮਗੋਲੀ 'ਚ ਕਿਰਾਏ ’ਤੇ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਡੇਰਾਬੱਸੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਰੀਸ਼ ਦਿਮਾਗੀ ਤੌਰ ’ਤੇ ਸਾਦਾ ਸੀ।

ਉਸਦੇ ਪਰਿਵਾਰ 'ਚ ਮਾਂ ਸਥਾਨਕ ਮੀਟ ਪਲਾਂਟ 'ਚ ਕੰਮ ਕਰਦੀ ਹੈ, ਜਦੋਂ ਕਿ ਹਰੀਸ਼ ਦਿਨ ਵੇਲੇ ਆਪਣੇ ਪਿਤਾ ਦੀ ਦੇਖ-ਭਾਲ 'ਚ ਸੀ। ਅੱਖਾਂ ਬਚਾ ਕੇ ਉਹ ਸਵੇਰੇ ਮੀਂਹ 'ਚ ਬਾਹਰ ਨਿਕਲ ਗਿਆ। ਉਸ ਨੂੰ ਸਮਗੋਲੀ ਸੰਘੋਥ ਲਿੰਕ ਰੋਡ ’ਤੇ ਕੁੱਝ ਲੋਕਾਂ ਨੇ ਚੋਅ ’ਚ ਡੁੱਬਦੇ ਦੇਖਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬਾਅਦ 'ਚ ਲਾਸ਼ ਨਹੀਂ ਮਿਲੀ। ਫਿਰ ਵੀ ਲੋਕਾਂ ਨੇ ਭਾਲ ਜਾਰੀ ਰੱਖੀ ਅਤੇ ਕਈ ਘੰਟਿਆਂ ਬਾਅਦ ਹਰੀਸ਼ ਦੀ ਲਾਸ਼ ਨੂੰ ਲੱਭ ਕੇ ਬਾਹਰ ਕੱਢਿਆ ਗਿਆ।

ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਸਤਵੀਰ ਅਨੁਸਾਰ ਮਾਪੇ ਪੁਲਸ ਕਾਰਵਾਈ ਤੋਂ ਬਿਨਾਂ ਲਾਸ਼ ਨੂੰ ਪਿੰਡ ਲੈ ਗਏ ਪਰ ਸ਼ਾਮ ਨੂੰ ਪੁਲਸ ਉਨ੍ਹਾਂ ਦੇ ਪਿੰਡ ਪਹੁੰਚ ਗਈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਗਿਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਫਿਲਹਾਲ ਪੁਲਸ ਨੇ ਸੀ. ਆਰ. ਪੀ. ਸੀ. 174 ਤਹਿਤ ਕਾਰਵਾਈ ਸੁਰੂ ਕਰ ਦਿੱਤੀ ਹੈ।
 

Babita

This news is Content Editor Babita