ਬੱਚੇ ਨੇ ਟਰੇਨ ਦੇ ਡੱਬੇ ''ਚ ਲੁਕ ਕੇ 1000 ਕਿਲੋਮੀਟਰ ਦਾ ਸਫ਼ਰ ਕੀਤਾ ਤੈਅ

Friday, Jun 08, 2018 - 05:23 AM (IST)

ਲੁਧਿਆਣਾ(ਰਿਸ਼ੀ)-ਘਰ 'ਚ ਐਕਟਿਵਾ ਦੀ ਚਾਬੀ ਗੁੰਮ ਹੋਣ 'ਤੇ ਮਾਂ ਦੀ ਝਿੜਕ ਡਰੋਂ 11 ਸਾਲਾ ਬੱਚਾ ਲਖਨਊ ਤੋਂ ਭੱਜ ਕੇ ਲੁਧਿਆਣਾ ਆ ਗਿਆ। ਹੈਰਾਨੀ ਦੀ ਗੱਲ ਹੈ ਕਿ 1 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਬੱਚੇ ਨੇ ਟਰੇਨ 'ਚ ਗਾਰਡ ਦੇ ਡੱਬੇ ਵਿਚ ਲੁਕ ਕੇ ਤੈਅ ਕੀਤਾ। ਪੁਲਸ ਨੇ 24 ਘੰਟੇ 'ਚ ਬੱਚੇ ਦੇ ਪਰਿਵਾਰ ਦਾ ਪਤਾ ਲਾ ਕੇ ਲੁਧਿਆਣਾ ਬੁਲਾਇਆ ਅਤੇ ਵੀਰਵਾਰ ਨੂੰ ਬੱਚਾ ਉਨ੍ਹਾਂ ਦੇ ਹਵਾਲੇ ਕੀਤਾ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੇ ਦੀ ਪਛਾਣ ਅਨੀਰੁਧ ਪ੍ਰਤਾਪ ਸਿੰਘ ਦੇ ਤੌਰ 'ਤੇ ਹੋਈ ਹੈ, ਜੋ ਚੌਥੀ ਕਲਾਸ ਦਾ ਵਿਦਿਆਰਥੀ ਹੈ ਅਤੇ ਆਪਣੀ ਮਾਂ ਪੂਨਮ ਨਾਲ ਉਸ ਦੇ ਪੇਕੇ ਘਰ ਪਿੰਡ ਜਮਾਲਪੁਰ ਦਬਰੀ, ਡਾਕਖਾਨਾ ਕਰੋਰਾ, ਲਖਨਊ ਵਿਚ ਰਹਿੰਦਾ ਹੈ। ਮੰਗਲਵਾਰ ਨੂੰ ਘਰ ਵਿਚ ਉਸ ਤੋਂ ਐਕਟਿਵਾ ਦੀ ਚਾਬੀ ਗੁੰਮ ਹੋ ਗਈ। ਇਸ ਗੱਲ 'ਤੇ ਜਦੋਂ ਮਾਸੀ ਨੇ ਝਿੜਕਿਆ ਤਾਂ ਉਹ ਘਬਰਾ ਗਿਆ ਅਤੇ ਘਰੋਂ ਭੱਜ ਗਿਆ। ਪੁਲਸ ਅਨੁਸਾਰ ਘਰੋਂ 10 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰ ਕੇ ਬੱਚਾ ਪਹਿਲਾਂ ਰੇਲਵੇ ਸਟੇਸ਼ਨ ਪਹੁੰਚਿਆ ਅਤੇ ਫਿਰ ਟਰੇਨ ਵਿਚ ਗਾਰਡ ਦੇ ਡੱਬੇ ਵਿਚ ਜਾ ਕੇ ਬੈਠ ਗਿਆ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਆਉਣ 'ਤੇ ਤੁਰੰਤ ਉਤਰ ਗਿਆ। ਬੱਚੇ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਟਰੇਨ ਵਿਚ ਬੈਠ ਕੇ ਅਤੇ ਕਿੰਨੇ ਵਜੇ ਲੁਧਿਆਣਾ ਪਹੁੰਚਿਆ ਹੈ। ਥਾਣਾ ਕੋਤਵਾਲੀ ਇੰਚਾਰਜ ਐੱਸ. ਆਈ. ਅਮਨਦੀਪ ਸਿੰਘ ਅਨੁਸਾਰ ਬੁੱਧਵਾਰ ਸ਼ਾਮ ਲਗਭਗ 6 ਵਜੇ ਉਹ ਰੇਲਵੇ ਸਟੇਸ਼ਨ ਕੋਲ ਪੈਟਰੋਲਿੰਗ ਕਰ ਰਹੇ ਸਨ। ਤਾਂ ਸ਼ੱਕ ਹੋਣ 'ਤੇ ਬੱਚੇ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਸੱਚ ਦੱਸਿਆ, ਜਿਸ ਤੋਂ ਬਾਅਦ ਉਸ ਦੇ ਪਿਤਾ ਦਾ ਮੋਬਾਇਲ ਫੋਨ ਨੰਬਰ ਲੈ ਕੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਆਪਣੀ ਮਾਂ ਦੇ ਨਾਲ ਨਾਨਕੇ ਰਹਿੰਦਾ ਹੈ, ਜਿਸ ਤੋਂ ਬਾਅਦ ਮਾਂ ਨੂੰ ਫੋਨ ਕੀਤਾ ਗਿਆ ਅਤੇ ਅੱਜ ਬੱਚੇ ਦੀ ਮਾਂ ਅਤੇ ਨਾਨੀ ਲੁਧਿਆਣਾ ਪਹੁੰਚ ਕੇ ਬੱਚੇ ਨੂੰ ਨਾਲ ਲੈ ਗਏ। ਪਰਿਵਾਰ ਵਾਲੇ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨ ਸਨ ਕਿ ਬੱਚਾ ਡਰ ਕਾਰਨ ਇੰਨੀ ਦੂਰ ਭੱਜ ਕੇ ਕਿਸ ਤਰ੍ਹਾਂ ਪਹੁੰਚ ਗਿਆ।


Related News