ਸ਼ਰਮਨਾਕ! ਤਿੰਨ ਬੱਚਿਆਂ ਵਲੋਂ ਤੀਜੀ ਕਲਾਸ ਦੇ ਬੱਚੇ ਨਾਲ ਕੁਕਰਮ

03/14/2018 7:23:45 PM

ਫਿਲੌਰ (ਭਾਖੜੀ, ਦੀਪਾ) : ਤੀਜੀ ਕਲਾਸ ਵਿਚ ਪੜ੍ਹਨ ਵਾਲੇ ਬੱਚੇ ਨਾਲ ਉਸ ਦੇ ਪਿੰਡ ਦੇ ਰਹਿਣ ਵਾਲੇ ਤਿੰਨ ਨਾਬਾਲਗ ਬੱਚਿਆਂ ਵਲੋਂ ਕੁਕਰਮ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਬੱਚੇ ਨਾਲ ਬਦਫੈਲੀ ਕਰਨ ਵਾਲੇ ਦੋ ਸਕੇ ਭਰਾ 7ਵੀਂ ਅਤੇ 8ਵੀਂ ਕਲਾਸ ਦੇ ਵਿਦਿਆਰਥੀ ਹਨ ਜਦੋਂਕਿ ਤੀਜਾ ਬੱਚਾ ਹੇਅਰ ਡ੍ਰੈਸਰ ਦੀ ਦੁਕਾਨ 'ਤੇ ਕੰਮ ਸਿੱਖਦਾ ਹੈ। ਬੱਚੇ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਮਿਲੀ ਸੂਚਨਾ ਮੁਤਾਬਕ ਨੇੜਲੇ ਪਿੰਡ ਛੋਕਰਾ ਦੇ ਰਹਿਣ ਵਾਲੇ ਪੀੜਤ ਬੱਚੇ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ 10 ਸਾਲ ਦਾ ਬੇਟਾ ਪਿੰਡ ਦੇ ਸਕੂਲ ਵਿਚ ਤੀਜੀ ਕਲਾਸ ਵਿਚ ਪੜ੍ਹਦਾ ਹੈ। ਬੀਤੇ ਦਿਨ 2 ਵਜੇ ਛੁੱਟੀ ਤੋਂ ਬਾਅਦ ਸਕੂਲ ਤੋਂ ਘਰ ਪਰਤਿਆ ਤਾਂ ਆਪਣੀ ਵਰਦੀ ਉਤਾਰ ਕੇ ਦੂਜੇ ਕੱਪੜੇ ਪਹਿਨ ਕੇ ਬੱਚਿਆਂ ਨਾਲ ਖੇਡਣ ਚਲਾ ਗਿਆ। ਸ਼ਾਮ ਪੰਜ ਵਜੇ ਤਕ ਜਦੋਂ ਉਹ ਘਰ ਵਾਪਸ ਨਾ ਆਇਆ ਤਾਂ ਉਹ ਉਸ ਨੂੰ ਲੱਭਣ ਲਗ ਪਏ ਤਾਂ ਅੱਧੇ ਘੰਟੇ ਬਾਅਦ ਬੱਚਾ ਜਿਸ ਦਾ ਚਿਹਰਾ ਉਤਰਿਆ ਹੋਇਆ ਸੀ ਅਤੇ ਮੂੰਹ 'ਤੇ ਖਰੋਚਾਂ ਦੇ ਨਿਸ਼ਾਨ ਸਨ, ਅਚਾਨਕ ਆਪ ਹੀ ਵਾਪਸ ਆ ਗਿਆ। ਪੁੱਛਣ 'ਤੇ ਉਹ ਮਾਂ ਦੀ ਗੋਦ ਵਿਚ ਬੈਠ ਕੇ ਸੋਣ ਦੀ ਜ਼ਿੱਦ ਕਰਨ ਲੱਗਾ। ਜਦੋਂ ਮਾਂ ਨੇ ਉਸ ਦਾ ਪਜਾਮਾ ਬਦਲਣ ਲਈ ਉਤਾਰਿਆ ਤਾਂ ਉਸ ਦੇ ਪਜਾਮੇ ਦੇ ਪਿੱਛੇ ਦਾ ਹਿੱਸਾ ਖੂਨ ਨਾਲ ਲਿੱਬੜਿਆ ਹੋਇਆ ਸੀ ਅਤੇ ਉਸ ਦੀ ਗੁਦਾ ਤੋਂ ਖੂਨ ਨਿਕਲ ਰਿਹਾ ਸੀ। ਜਦੋਂ ਉਨ੍ਹਾਂ ਨੇ ਬੱਚੇ ਨੂੰ ਪਿਆਰ ਨਾਲ ਦੁਲਾਰ ਕੇ ਪੁੱਛਿਆ ਤਾਂ ਜੋ ਘਟਨਾ ਉਸ ਨੇ ਦੱਸੀ, ਉਸ ਨੂੰ ਸੁਣ ਕੇ ਮਾਂ ਬਾਪ ਦੰਗ ਰਹਿ ਗਏ। ਮਾਸੂਮ ਨੇ ਦੱਸਿਆ ਕਿ ਖੇਡਦੇ ਸਮੇਂ ਉਸ ਨੂੰ ਉਸੇ ਦੇ ਪਿੰਡ ਦੇ ਰਹਿਣ ਵਾਲੇ ਤਿੰਨ ਬੱਚੇ ਜਿਨ੍ਹਾਂ ਵਿਚ ਦੋ ਸਕੇ ਭਰਾ ਅਤੇ ਤੀਜਾ ਬੱਚੇ ਜੋ ਹੇਅਰ ਡ੍ਰੈਸਰ ਦੀ ਦੁਕਾਨ 'ਤੇ ਕੰਮ ਸਿੱਖਦਾ ਸੀ, ਉਸ ਨੂੰ ਆਪਣੇ ਨਾਲ ਖੇਡਣ ਦਾ ਕਹਿ ਕੇ ਪਿੰਡ ਦੇ ਬਾਹਰ ਪੈਂਦੀ ਨਹਿਰ ਦੇ ਕੋਲ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਦੇ ਨਾਲ ਬਦਫੈਲੀ ਕੀਤੀ।
ਬੱਚੇ ਦੀ ਹਾਲਤ ਖਰਾਬ ਹੁੰਦੀ ਦੇਖ ਕੇ ਮਾਤਾ ਪਿਤਾ ਉਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਅੱਪਰਾ ਲੈ ਗਏ, ਜਿੱਥੇ ਬੱਚੇ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਗੁਦਾ ਤੋਂ ਜੋ ਖੂਨ ਨਿਕਲ ਰਿਹਾ ਸੀ, ਉਸ ਦਾ ਸੈਂਪਲ ਲੈ ਕੇ ਫੌਰੈਂਸਿਕ ਜਾਂਚ ਲਈ ਖਰੜ ਲੈਬੋਰਟਰੀ ਨੂੰ ਭੇਜਿਆ ਜਾ ਰਿਹਾ ਹੈ। ਜਦੋਂਕਿ ਇਸ ਸਬੰਧੀ ਪੁੱਛਣ 'ਤੇ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਬੱਚੇ ਦੇ ਖੂਨ ਨਾਲ ਲਿੱਬੜੇ ਕੱਪੜੇ ਉਨ੍ਹਾਂ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੀੜਤ ਬੱਚੇ ਦੇ ਮਾਤਾ ਪਿਤਾ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਦੇ ਨਾਲ ਬਦਫੈਲੀ ਕਰਨ ਵਾਲੇ ਬੱਚਿਆਂ ਦੇ ਪਰਿਵਾਰ ਵਾਲੇ ਉਨ੍ਹਾਂ 'ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾ ਕੇ ਉਨ੍ਹਾਂ ਨੂੰ ਧਮਕਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਬੱਚੇ ਦਾ ਬਿਆਨ ਲੈ ਕੇ ਮੁਕੱਦਮਾ ਦਰਜ ਕਰਕੇ ਸਖਤ ਕਾਰਵਾਈ ਕਰਨਗੇ।