ਭਾਖੜਾ ਡੈਮ ਦਾ ਦੌਰਾ ਕਰਨ ਮਗਰੋਂ ਬੋਲੇ CM ਮਾਨ, ਕਹੀਆਂ ਇਹ ਅਹਿਮ ਗੱਲਾਂ

07/23/2023 9:16:35 PM

ਨੰਗਲ (ਚੋਵੇਸ਼ ਲਟਾਵਾ, ਗੁਰਭਾਗ ਸਿੰਘ)-ਭਾਖੜਾ ਡੈਮ ’ਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੈ। ਡੈਮ ’ਚ 1680 ਫੁੱਟ ਤੱਕ ਪਾਣੀ ਇਕੱਠਾ ਕਰਨ ਦੀ ਸਮਰੱਥਾ ਹੈ ਅਤੇ ਅੱਜ ਦੀ ਤਾਰੀਖ਼ ’ਚ ਸਵੇਰ ਸਮੇਂ 1653 ਦੇ ਕਰੀਬ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਸੀ। ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੰਗਲ ਬੀ. ਬੀ. ਐੱਮ. ਬੀ. ਸਤਲੁਜ ਸਦਨ ’ਚ ਪ੍ਰੈੱਸ ਕਾਨਫਰੰਸ  ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਨੌਜਵਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸੈਕਟਰੀ ਇਰੀਗੇਸ਼ਨ ਕ੍ਰਿਸ਼ਨ ਕੁਮਾਰ, ਡੀ. ਸੀ. ਰੂਪਨਗਰ ਪ੍ਰੀਤੀ ਯਾਦਵ ਤੇ ਹੋਰ ਆਲ੍ਹਾ ਅਧਿਕਾਰੀ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ

ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਸਤਲੁਜ, ਬਿਆਸ ਦੇ ਲਾਗਲੇ ਪਿੰਡਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਉਨ੍ਹਾਂ ਦੀ ਬੀ.ਬੀ.ਐੱਮ.ਬੀ. ਅਧਿਕਾਰੀਆਂ ਨਾਲ ਨੰਗਲ ਡੈਮ ਲਾਗੇ ਬਣੇ ਸਤਲੁਜ ਸਦਨ ਵਿਚ ਮੀਟਿੰਗ ਹੋਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਤਲੁਜ ਦਰਿਆ ਲਾਗੇ ਵਸੇ ਪਿੰਡਾਂ ਤੋਂ ਹੜ੍ਹਾਂ ਦੀ ਸਥਿਤੀ ਵਾਲੀਆਂ ਖ਼ਬਰਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਸਨ। ਉਨ੍ਹਾਂ ਕਿਹਾ ਕਿ ਚੰਗੀ ਖ਼ਬਰ ਇਹ ਹੈ ਕਿ ਪਹਾੜਾਂ ਵਿਚ ਜਾਂ ਕਿਤੇ ਹੋਰ ਹੁਣ ਭਾਰੀ ਵਰਖਾ ਦੀ ਸੰਭਾਵਨਾ ਨਹੀਂ ਹੈ ਪਰ ਕੁਦਰਤ ਤੋਂ ਵੱਡਾ ਕੋਈ ਨਹੀਂ। ਡੈਮ ਵਿਚ ਅਜੇ 27 ਫੁੱਟ ਦੇ ਕਰੀਬ ਮਾਰਜਨ ਹੈ, ਢਾਈ ਲੱਖ ਕਿਊਸਿਕ ਪਾਣੀ ਡੈਮ ਦੇ ਪਿੱਛੇ ਗੋਬਿੰਦ ਸਾਗਰ ਝੀਲ ’ਚ ਹੈ। ਜੇਕਰ ਪਾਣੀ ਆਉਂਦਾ ਵੀ ਹੈ ਤਾਂ ਕੰਟਰੋਲ ਨਾਲ ਹੀ ਛੱਡਿਆ ਜਾਵੇਗਾ ਤਾਂ ਜੋ ਹੜ੍ਹ ਦੀ ਸਥਿਤੀ ਵਾਲਾ ਮਾਹੌਲ ਨਾ ਬਣੇ। ਉਨ੍ਹਾਂ ਕਿਹਾ ਕਿ ‘ਡੈਮ ਦੇ ਗੇਟ ਖੁੱਲ੍ਹ ਗਏ, ਸਤਲੁਜ ’ਚ ਆਵੇਗੀ ਭਾਰੀ ਤਬਾਹੀ’ ਵਰਗੀਆਂ ਅਫਵਾਹਾਂ ਬਿਲਕੁਲ ਵੀ ਨਾ ਫੈਲਾਓ ਕਿਉਂਕਿ ਸਥਿਤੀ ਪੂਰੀ ਕੰਟਰੋਲ ’ਚ ਹੈ।

ਇਹ ਖ਼ਬਰ ਵੀ ਪੜ੍ਹੋ : 11 ਮਹੀਨਿਆਂ ਦੀ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਜਾਂਚ ’ਚ ਜੁਟੀ ਪੁਲਸ

ਹੁਣ ਤੱਕ ਹੋਏ ਨੁਕਸਾਨ ’ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜੇ ਤੱਕ ਲੋਕਾਂ ਦੇ ਘਰਾਂ ਅਤੇ ਖ਼ੇਤਾਂ ਵਿਚ ਪਾਣੀ ਹੈ। ਨੁਕਸਾਨ ਦਾ ਬਣਦਾ ਮੁਆਵਜ਼ਾ ਕੇਂਦਰ ਨੂੰ ਲਿਖਤੀ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਜ਼ਿਲ੍ਹਾ ਰੋਪੜ ’ਚ ਜੋ ਪਾਣੀ 1 ਮਹੀਨੇ ’ਚ ਆਉਣਾ ਸੀ, ਉਹ 2 ਦਿਨ ਵਿਚ ਆ ਗਿਆ ਕਿਉਂਕਿ ਕੁਦਰਤੀ ਗੱਲ ਸੀ ਪਰ ਸਾਰੇ ਪੰਜਾਬ ਵਿਚ ਆਲ੍ਹਾ ਅਧਿਕਾਰੀ, ਵਿਧਾਇਕ, ਮੰਤਰੀ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ ਤੇ ਉਨ੍ਹਾਂ ਵੱਲੋਂ ਲੋਕਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਗਿਆ ਹੈ। 

ਉਨ੍ਹਾਂ ਕਿਹਾ ਕਿ ਬੀਤੀਆਂ ਸਰਕਾਰਾਂ ਸਮੇਂ ਸਿੰਚਾਈ ਦੇ ਨਾਂ ’ਤੇ ਘਪਲੇ ਹੋਏ ਹਨ। ਸਿੰਚਾਈ ਦਾ ਪੰਜਾਬ ਵਿਚ ਬਹੁਤ ਵੱਡਾ ਘਪਲਾ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਜਿਨ੍ਹਾਂ ਕਦੀ ਸਵਾਂ/ਸੂਏ ਨਹੀਂ ਵੇਖੇ, ਉਹ ਨੁਕਤਾਚੀਨੀਆਂ ਕਰਦੇ ਚੰਗੇ ਨਹੀਂ ਲੱਗਦੇ। ਉਨ੍ਹਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ, ਜੇ ਹਿਮਾਚਲ ਵਾਲੇ ਅੱਜ ਦੇ ਸਮੇਂ ’ਚ ਪਾਣੀ ਰੋਕ ਸਕਦੇ ਤਾਂ ਰੋਕ ਕੇ ਵੇਖ ਲੈਣ ! ਪਾਣੀ ਨੇ ਆਉਣਾ ਹੀ ਹੈ ਤੇ ਪੰਜਾਬ ’ਚੋਂ ਲੰਘਣਾ ਵੀ ਹੈ। ਅਸੀਂ ਪਾਣੀ ਫਸਲਾਂ ਲਈ ਵਰਤ ਸਕਦੇ ਹਾਂ ਤੇ ਵਰਤਾਂਗੇ ਵੀ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਧਰਤੀ ਹੇਠ ਹਜ਼ਾਰਾਂ ਕਿਲੋਮੀਟਰ ਪਾਈਪਾਂ ਪਾ ਕੇ ਘਰ ਘਰ ਨਹਿਰੀ ਪਾਣੀ ਪਹੁੰਚਾਉਣਾ ਹੈ, ਜਿਸ ਨੂੰ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼, ਹਰਿਆਣਾ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਗਿਆ ਹੈ। ਇਸੇ ਕਾਰਨ ਅੱਜ ਭਾਖੜਾ ਡੈਮ ਆਏ ਸੀ ਕਿ ਪਾਣੀ ਇਸ ਤਰੀਕੇ ਨਾਲ ਛੱਡਿਆ ਜਾਵੇ ਕਿ ਫੱਲਡ ਗੇਟ ਖੋਲ੍ਹਣ ਦੀ ਨੌਬਤ ਹੀ ਨਾ ਆਵੇ ਕਿਉਂਕਿ ਪੰਜਾਬ ਵਿਚ ਪਹਿਲਾਂ ਹੀ ਕਾਫੀ ਤਬਾਹੀ ਹੋ ਚੁੱਕੀ ਹੈ।

ਨੰਗਲ ਬਹੁਤ ਜਲਦ ਬਣੇਗਾ ਨੰਗਲ ਟੂਰਿਸਟ ਹੱਬ : ਮਾਨ

ਪੰਜਾਬ ਦੇ ਜੋ ਇਲਾਕੇ ਲੋਕਾਂ ਨੇ ਨਹੀਂ ਵੇਖੇ, ਅਸੀਂ ਉਨ੍ਹਾਂ ਨੂੰ ਨਵੀਂ ਦਿੱਖ ਦੇ ਕੇ ਲੋਕਾਂ ਨੂੰ ਵਿਖਾਉਣਾ ਹੈ। ਮੈਨੂੰ ਯਾਦ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਂ ਨੰਗਲ ਵਿਖੇ ਰੋਡ ਸ਼ੋਅ ਕੀਤਾ ਸੀ, ਉਦੋਂ ਵੀ ਨੰਗਲ ਸਤਲੁਜ ਦਰਿਆ ਦੇ ਨੀਲੇ ਪਾਣੀ ਦਾ ਜ਼ਿਕਰ ਕੀਤਾ ਸੀ। ਬੀਤੇ ਕੱਲ ਵੀ ਟੂਰਿਜ਼ਮ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ, ਨੰਗਲ ਨੂੰ ਫਿਲਮ ਸਿਟੀ ’ਚ ਪਾਉਣ ’ਤੇ ਵੀ ਵਿਚਾਰ ਕੀਤਾ ਗਿਆ ਹੈ। ਚਾਹੇ ਕੰਢੀ ਏਰੀਆ, ਚਾਹੇ ਪਹਾੜੀ, ਜਿੱਥੇ ਪਾਣੀ ਹੈ, ਉਥੇ ਵੱਡੇ ਵੱਡੇ ਹੋਟਲ ਬਣਾਉਣ ’ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਤੇ ਅਸੀਂ ਹੱਟ ਬਣਾ ਰਹੇ ਹਾਂ, ਹੁਸ਼ਿਆਰਪੁਰ ’ਚ ਫੋਰੈਸਟ ਦਾ ਚੋਹਾਲ ਕੱਲ ਚੱਲ ਪਿਆ ਸੀ। ਮਾਨ ਨੇ ਕਿਹਾ ਕਿ ਸਤਲੁਜ ’ਚੋਂ ਅੰਮ੍ਰਿਤ ਲੈ ਕੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾਇਆ ਸੀ, ਇਸ ਨੂੰ ਗੁਰੂ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ। ਸਾਡਾ ਫਰਜ਼ ਤੇ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਇਸ ਦੀ ਸਾਂਭ-ਸੰਭਾਲ ਕਰਦਿਆਂ ਇਸ ਨੂੰ ਹੋਰ ਸੁੰਦਰ ਦਿੱਖ ਦਿੱਤੀ ਜਾਵੇ।
 

 

 

 

Manoj

This news is Content Editor Manoj