ਪੰਜਾਬੀ ਯੂਨੀਵਰਸਿਟੀ ਪੁੱਜੇ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ

11/24/2021 4:58:57 PM

ਪਟਿਆਲਾ (ਮਨਦੀਪ ਸਿੰਘ ਜੋਸਨ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ 390 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਪੀ. ਯੂ. ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਚੰਨੀ ਨੇ ਯੂਨੀਵਰਸਿਟੀ ਦੇ ਸਿਰ ਖੜ੍ਹਿਆ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਪਾ ਦਿੱਤਾ ਹੈ। ਇਸ ਕਰਜ਼ੇ ਨੂੰ ਪੰਜਾਬ ਸਰਕਾਰ ਅਦਾ ਕਰੇਗੀ। ਇਸੇ ਤਰ੍ਹਾ ਉਨ੍ਹਾਂ ਨੇ ਯੂਨੀਵਰਸਿਟੀ ਨੂੰ ਦਿੱਤੀ ਸਾਢੇ 9 ਕਰੋੜ ਰੁਪਏ ਮਹੀਨਾਵਾਰ ਗ੍ਰਾਂਟ ਨੂੰ 20 ਕਰੋੜ ਰੁਪਏ ਮਹੀਨਾਵਾਰ ’ਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਯੂਨੀਵਰਸਿਟੀ ਨੂੰ ਸਲਾਨਾ 240 ਕਰੋੜ ਰੁਪਏ ਮਿਲਣਗੇ। ਜੇਕਰ ਮੁੱਖ ਮੰਤਰੀ ਦੇ ਹੁਕਮ ਲਾਗੂ ਹੋ ਗਏ ਤਾਂ ਬੜੇ ਚਿਰਾਂ ਤੋਂ 400 ਕਰੋੜ ਰੁਪਏ ਦੀ ਮਦਦ ਮੰਗਦੀ ਆ ਰਹੀ ਯੂਨੀਵਰਸਿਟੀ ਲਈ ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੋਵੇਗਾ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਸੀਂ ਪੰਜਾਬ 'ਚ ਐਜੂਕੇਸ਼ਨ ਦਾ ਨਵਾਂ ਮਾਡਲ ਲੈ ਕੇ ਆਵਾਂਗੇ ਅਤੇ ਐਜੂਕੇਸ਼ਨ ਅਦਾਰਿਆਂ ਨੂੰ ਖੜ੍ਹਾ ਕਰਾਂਗੇ। ਉਨ੍ਹਾਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ’ਚ ਆਮ ਅਤੇ ਮਿਡਲ ਲੋਕਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ, ਇਸ ਲਈ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਬਚਾਅ ਕੇ ਲੋਕਾਂ ਨੂੰ ਰਾਹਤ ਦੇਵਾਂਗੇ। ਉਨ੍ਹਾਂ ਆਖਿਆ ਕਿ ਪਿਛਲੇ 15 ਸਾਲਾਂ ਤੋਂ ਕਿਸੇ ਨੇ ਵੀ ਯੂਨੀਵਰਸਿਟੀ ਵੱਲ ਧਿਆਨ ਨਹੀਂ ਦਿੱਤਾ ਪਰ ਹੁਣ ਇਹ ਨਹੀਂ ਹੋਵੇਗਾ।  

ਇਹ ਵੀ ਪੜ੍ਹੋ : ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ : ਮੁੱਖ ਮੰਤਰੀ ਚੰਨੀ

30 ਕਰੋੜ ਰੁਪਏ ਹਰ ਮਹੀਨੇ ਜਾਂਦੀ ਹੈ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਸੈਲਰੀ 
ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਨੇ ਇਸ ਤੋਂ ਪਹਿਲਾਂ ਮੀਟਿੰਗ ਮੌਕੇ ਮੁੱਖ ਮੰਤਰੀ ਅੱਗੇ ਪੱਖ ਰੱਖਿਆ ਕਿ 30 ਕਰੋੜ ਰੁਪਏ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਮਹੀਨਾਵਾਰ ਸੈਲਰੀਆਂ ਹਨ ਅਤੇ ਯੂਨੀਵਰਸਿਟੀ ਨੂੰ ਸਿਰਫ਼ 10 ਕਰੋੜ ਰੁਪਏ ਮਹੀਨਾ ਇੱਕਠਾ ਹੁੰਦਾ ਹੈ। 20 ਕਰੋੜ ਕਰਜ਼ਾ ਚੁੱਕਣਾ ਪੈਂਦਾ ਹੈ, ਇਸ ਲਈ ਸਰਕਾਰ ਹੁਣ ਸਾਢੇ 9 ਕਰੋੜ ਦੀ ਜਗ੍ਹਾ, ਉਨ੍ਹਾਂ ਨੂੰ 20 ਕਰੋੜ ਦੇਵੇ, ਜਿਸਨੂੰ ਸੀ. ਐੱਮ. ਨੇ ਤੁਰੰਤ ਮੰਨ ਲਿਆ।  

ਵਿਧਾਨ ਸਭਾ ਵਿੱਚ ਲਿਆਵਾਂਗੇ ਬਿੱਲ, ਪੰਜਾਬ ਅੰਦਰ ਹੋਵੇਗਾ ਸਿਰਫ਼ ਪੰਜਾਬੀ ’ਚ ਕੰਮ 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਾਈ ਗਈ ਸੀ। ਅਸੀਂ ਇਸ ਯੂਨੀਵਰਸਿਟੀ ਦੀਆਂ ਜੜ੍ਹਾਂ ਮਜ਼ਬੂਤ ਕਰਾਂਗੇ ਅਤੇ ਵਿਧਾਨ ਸਭਾ ’ਚ ਬਿੱਲ ਪਾਸ ਕਰਾਂਗੇ ਤਾਂ ਜੋ ਪੰਜਾਬ ’ਚ ਸਿਰਫ਼ ਪੰਜਾਬੀ ’ਚ ਹੀ ਕੰਮ ਹੋਵੇ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਨੂੰ ਸਾਰੀ ਜ਼ਿੰਦਗੀ ਪੜ੍ਹਦੇ ਰਹਿਣਾ ਚਾਹੀਦਾ ਹੈ।  

ਇਹ ਵੀ ਪੜ੍ਹੋ : ਸਿੱਧੂ ਨੇ ਚੰਨੀ ਦੇ ਸਾਹਮਣੇ ਦਿਖਾਏ ਤੇਵਰ, ਕਿਹਾ ਖਾਲੀ ਖਜ਼ਾਨੇ ਦੇ ਦੌਰ ’ਚ ਜਨਤਾ ਨੂੰ ਨਹੀਂ ਵੰਡਣ ਦੇਣਗੇ ਲਾਲੀਪਾਪ

ਨਕਲੀ ਕੇਜਰੀਵਾਲ ਸਿਰਫ਼ ਇੱਕ ਭੰਡ ਹੈ 
ਮੁੱਖ ਮੰਤਰੀ ਚੰਨੀ ਨੇ ਕੇਜਰੀਵਾਲ ਵੱਲੋਂ ਉਨ੍ਹਾਂ ਨੂੰ ਨਕਲੀ ਆਮ ਆਦਮੀ ਕਹਿਣ 'ਤੇ ਆਖਿਆ ਕਿ ਕੇਜਰੀਵਾਲ ਨਕਲੀ ਭੰਡ ਹੈ, ਇਸਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਪਤਾ ਨਹੀਂ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਨੂੰ ਗਾਰੰਟੀਆਂ ਨਹੀਂ ਦੇ ਰਹੇ। ਅਸੀਂ ਤਾਂ ਫੈਸਲੇ ਲਾਗੂ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਇੰਨੀਆਂ ਸਹੂਲਤਾਂ ਦੇ ਦਿੱਤੀਆਂ ਹਨ ਕਿ ਕੇਜਰੀਵਾਲ ਨੂੰ ਲੋਕ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਬਣੇਗੀ।  

ਅਸੀਂ ਸਭ ਕੁੱਝ ਮੁਆਫ ਕੀਤਾ, ਹੁਣ ਯੂਨੀਵਰਸਿਟੀ ਦੌੜਨ ਲੱਗੇਗੀ : ਵਿੱਤ ਮੰਤਰੀ 
ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਯੂਨੀਵਰਸਿਟੀ ਲਈ ਅੱਜ ਇਤਿਹਾਸਕ ਦਿਨ ਹੈ, ਜਿੱਥੇ ਅਸੀਂ 390 ਕਰੋੜ ਰੁਪਏ ਯੂਨੀਵਰਸਿਟੀ ਨੂੰ ਦੇ ਦਿੱਤਾ ਹੈ। ਇਸ ਲਈ ਹੁਣ ਯੂਨੀਵਰਸਿਟੀ ਨੂੰ ਦੌੜਨਾ ਚਾਹੀਦਾ ਹੈ ਅਤੇ ਯੂਨੀਵਰਸਿਟੀ ਦੇ ਵੀਸੀ ਅਤੇ ਇਸਦੇ ਸਟਾਫ ਨੂੰ ਪੂਰੀ ਮਿਹਨਤ ਕਰਨੀ ਚਾਹੀਦੀ ਹੈ।  

ਇਹ ਵੀ ਪੜ੍ਹੋ : ਡੇਰਾ ਮੁਖੀ ਤੋਂ ਬਾਅਦ ਸਿਟ ਡੇਰਾ ਸਿਰਸਾ ਦੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਤੋਂ ਵੀ ਕਰੇਗੀ ਪੁੱਛਗਿੱਛ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha