ਖੇਡ ਮੰਤਰੀ ਨੂੰ ਬਰਖ਼ਾਸਤ ਕਰਨ ਮੁੱਖ ਮੰਤਰੀ : ਗਰੇਵਾਲ

12/31/2020 12:43:38 AM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਖੇਡ ਮੰਤਰੀ ਬਰਖ਼ਾਸਤ ਕਰਨ। ਉਨ੍ਹਾਂ ਖਿਲਾਫ਼ ਸਰਕਾਰੀ ਵਿਭਾਗ ਨੇ ਇਕ ਜ਼ਮੀਨ ਦੇ ਟੁਕੜੇ ਦਾ ਦੁੱਗਣਾ ਮੁਆਵਜ਼ਾ ਲੈਣ ਸਬੰਧੀ ਅਦਾਲਤ ਵਿਚ ਕੇਸ ਦਾਇਰ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੀ. ਡਬਲਿਊ. ਡੀ. ਵਿਭਾਗ ਵਲੋਂ ਮੰਤਰੀ ਖਿਲਾਫ ਵਸੂਲੀ ਦਾ ਕੇਸ ਪਾਉਣ ਮਗਰੋਂ ਉਨ੍ਹਾਂ ਦੀ ਸਥਿਤੀ ਅਸਥਿਰ ਹੋ ਗਈ ਹੈ। ਸਾਹਮਣੇ ਆਇਆ ਹੈ ਕਿ ਖੇਡ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 1962 ਅਤੇ 2013 ਵਿਚ ਇਕ ਹੀ ਜ਼ਮੀਨ ਦੇ ਟੁਕੜੇ ਲਈ ਦੋ ਵਾਰ ਮੁਆਵਜ਼ਾ ਲੈ ਕੇ ਸੂਬਾ ਸਰਕਾਰ ਨਾਲ ਧੋਖਾ ਕੀਤਾ। ਪੀ. ਡਬਲਿਊ. ਡੀ. ਵਿਭਾਗ ਨੇ ਖੁਲਾਸਾ ਕੀਤਾ ਕਿ ਮੰਤਰੀ ਤੇ ਉਸ ਦੇ ਪਰਿਵਾਰ ਨੂੰ ਇਕ ਕਰੋੜ 83 ਲੱਖ ਰੁਪਏ ਮੁਆਵਜ਼ਾ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਮੰਤਰੀ ਨੇ ਤੱਥਾਂ ਨੂੰ ਲੁਕੋ ਕੇ ਫੈਸਲਾ ਆਪਣੇ ਪੱਖ ’ਚ ਹਾਸਲ ਕਰ ਲਿਆ। ਗਰੇਵਾਲ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਖਿਲਾਫ਼ ਧੋਖਾਧੜੀ ਤੇ ਜਾਅਲਸਾਜੀ ਨਾਲ ਸਬੰਧਤ ਮਾਮਲੇ ਦਰਜ ਕੀਤੇ ਜਾਣੇ ਚਾਹੀਦੇ ਹਨ।

Bharat Thapa

This news is Content Editor Bharat Thapa