ਕੈਪਟਨ ਨੇ ਚੰਡੀਗੜ੍ਹ ਡੀ. ਐੱਸ. ਪੀ. ਕੇਡਰ ਨੂੰ ਦਿੱਲੀ ਤੇ ਹੋਰ ਯੂ. ਟੀਜ਼ ਨਾਲ ਮਿਲਾਉਣ ਦਾ ਕੀਤਾ ਵਿਰੋਧ

04/23/2018 10:56:55 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਚੰਡੀਗੜ੍ਹ ਪੁਲਸ ਦੇ ਡੀ. ਐੱਸ. ਪੀ. ਕੇਡਰ ਅਹੁਦੇ ਨੂੰ ਦਿੱਲੀ ਅਤੇ ਹੋਰ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲਾਉਣ ਦਾ ਸਖਤ ਸ਼ਬਦਾਂ 'ਚ ਵਿਰੋਧ ਕੀਤਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਪੰਜਾਬ ਅਤੇ ਹਰਿਆਣਾ ਵਿਚਕਾਰ ਚੰਡੀਗੜ੍ਹ ਅਤੇ ਬਾਕੀ ਖੇਤਰੀ ਮਸਲੇ ਹੱਲ ਨਹੀਂ ਹੁੰਦੇ, ਉਦੋਂ ਤੱਕ ਸਥਿਤੀ ਜਿਓਂ ਦੀ ਤਿਓਂ ਬਣਾ ਕੇ ਰੱਖੀ ਜਾਵੇ। ਮੁੱਖ ਮੰਤਰੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਹੁਕਮ ਦਿੱਤੇ ਕਿ ਉਹ ਜਨਰਲ ਐਡਮਨਿਸਟ੍ਰੇਸ਼ਨ ਸ਼ਾਖਾ 'ਚ ਵਿਸ਼ੇਸ਼ ਸੈੱਲ ਦਾ ਗਠਨ ਕਰੇ, ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਚੰਡੀਗੜ੍ਹ ਤੋਂ ਸਬੰਧਿਤ ਮਾਮਲਿਆਂ 'ਤੇ ਗੌਰ ਕਰੇ। 
ਉਨ੍ਹਾਂ ਨੇ ਮੁੱਖ ਸਕੱਤਰ ਨੂੰ ਅਗਲੀ ਕੈਬਨਿਟ ਬੈਠਕ 'ਚ ਰਸਮੀ ਤੌਰ 'ਤੇ ਪ੍ਰਸਤਾਵ ਪੇਸ਼ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਪੰਜਾਬ ਦੇ ਚੰਡੀਗੜ੍ਹ 'ਤੇ ਦਾਅਵੇ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਸਮੇਂ ਚੰਡੀਗੜ੍ਹ ਯੂ. ਟੀ. 'ਚ ਪੰਜਾਬ ਦਾ ਹਿੱਸਾ 60 ਫੀਸਦੀ ਹੁੰਦਾ ਹੈ, ਜਦਕਿ ਹਰਿਆਣੇ ਦਾ 40 ਫੀਸਦੀ, ਜਿਸ ਨੂੰ ਫਿਲਹਾਲ ਜਾਰੀ ਰੱਖਿਆ ਜਾਵੇ। ਉਨ੍ਹਾਂ ਚੰਡੀਗੜ੍ਹ ਡੀ. ਐੱਸ. ਪੀ. ਅਹੁਦੇ ਨੂੰ ਹੋਰ ਯੂ. ਟੀਜ਼ ਨਾਲ ਮਿਲਾਉਣ ਦੇ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਲਾਂ ਪਹਿਲਾਂ ਸਥਾਪਿਤ ਸੰਤੁਲਨ ਵਿਗੜਨ ਦਾ ਸ਼ੱਕ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੂੰ ਆਪਣੇ ਫੈਸਲੇ 'ਤੇ ਮੁੜ ਗੌਰ ਕਰਨ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕਰਕੇ ਗ੍ਰਹਿ ਮੰਤਰਾਲਾ ਪੰਜਾਬ ਦੀ ਚੰਡੀਗੜ੍ਹ 'ਤੇ ਦਾਅਵੇਦਾਰੀ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਜਿਸ ਨੂੰ ਕਿਸੇ ਵੀ ਹਾਲ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ।