ਮੁੱਖ ਮੰਤਰੀ ਮਾਨ ਨੇ ਕੈਨੇਡਾ ਦੇ ਉੱਚ ਪੱਧਰੀ ਵਫ਼ਦ ਨਾਲ ਕੀਤੀ ਮੁਲਾਕਾਤ

09/26/2022 9:33:20 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਕੈਨੇਡਾ ਖ਼ਾਸ ਤੌਰ ’ਤੇ ਉਥੋਂ ਦੇ ਸੂਬੇ ਸਸਕੈਚਵਨ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਕੈਨੇਡੀਅਨ ਸੂਬੇ ਸਸਕੈਚਵਨ ਦੇ ਉੱਚ ਪੱਧਰੀ ਵਫ਼ਦ ਨਾਲ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਕੈਨੇਡਾ ਦੇ ਇਸ ਸੂਬੇ ਵਿਚਾਲੇ ਮਜ਼ਬੂਤ ਤੇ ਦੋਸਤਾਨਾ ਸਬੰਧਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਸਮਾਜਿਕ-ਆਰਥਿਕ ਤਰੱਕੀ ’ਚ ਪੰਜਾਬੀ ਅਹਿਮ ਭੂਮਿਕਾ ਨਿਭਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਵੱਡੇ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਕੈਨੇਡਾ ਦੇ ਸਿਆਸੀ ਪਿੜ ’ਚ ਵੀ ਆਪਣੇ ਲਈ ਵੱਖਰੀ ਥਾਂ ਬਣਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਭਰ ’ਚੋਂ ਸਨਅਤਾਂ ਲਗਾਉਣ ਲਈ ਸਭ ਤੋਂ ਤਰਜੀਹੀ ਸਥਾਨ ਹੈ। ਉਨ੍ਹਾਂ ਸਸਕੈਚਵਨ ਦੇ ਵਫ਼ਦ ਨੂੰ ਸੱਦਾ ਦਿੱਤਾ ਕਿ ਉਹ ਉੱਦਮੀਆਂ ਨੂੰ ਪੰਜਾਬ ’ਚ ਨਿਵੇਸ਼ ਲਈ ਉਤਸ਼ਾਹਿਤ ਕਰਨ ਤਾਂ ਕਿ ਉਹ ਸਨਅਤੀ ਤਰੱਕੀ ਲਈ ਇਥੋਂ ਦੇ ਅਨੁਕੂਲ ਮਾਹੌਲ ਦਾ ਲਾਹਾ ਲੈ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਨੂੰ ਪਹਿਲਾਂ ਹੀ ਸਨਅਤੀ ਤਰੱਕੀ ਦੇ ਪੰਧ ਉੱਤੇ ਪਾ ਦਿੱਤਾ ਹੈ, ਜਿਸ ਤੋਂ ਨਿਵੇਸ਼ਕਾਂ ਨੂੰ ਲਾਭ ਹੋਵੇਗਾ। ਕੈਨੇਡਾ ’ਚ ਵਸੇ ਪੰਜਾਬੀਆਂ ਨੂੰ ਸੁਚਾਰੂ ਤਰੀਕੇ ਨਾਲ ਪੰਜਾਬ ਦੇ ਬ੍ਰਾਂਡਿਡ ਉਤਪਾਦ ਹਾਸਲ ਕਰਨਯੋਗ ਬਣਾਉਣ ਲਈ ਸਮੁੱਚੇ ਢਾਂਚੇ ਨੂੰ ਮਜ਼ਬੂਤ ਕਰਨ ਦਾ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸੋਹਨਾ ਮਾਰਕੇ ਦੇ ਉਤਪਾਦ ਵਿਸ਼ਵ ਪ੍ਰਸਿੱਧ ਹਨ ਅਤੇ ਕੈਨੇਡਾ ’ਚ ਵਸਦਾ ਪੰਜਾਬੀ ਭਾਈਚਾਰਾ ਇਨ੍ਹਾਂ ਉਤਪਾਦਾਂ ਨੂੰ ਖ਼ਾਸ ਤੌਰ ਉੱਤੇ ਪਸੰਦ ਕਰਦਾ ਹੈ। ਇਸੇ ਤਰ੍ਹਾਂ ਵੇਰਕਾ ਦੇ ਉਤਪਾਦ ਘਿਓ, ਦੁੱਧ, ਮੱਖਣ, ਲੱਸੀ, ਖੀਰ, ਦਹੀਂ, ਆਈਸਕ੍ਰੀਮ, ਮਠਿਆਈਆਂ ਤੇ ਹੋਰ ਵਸਤਾਂ ਪਹਿਲਾਂ ਹੀ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ।

ਭਗਵੰਤ ਮਾਨ ਨੇ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਤੱਕ ਇਹ ਵਸਤਾਂ ਆਸਾਨੀ ਨਾਲ ਪੁੱਜਦੀਆਂ ਕਰਨ ਲਈ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੇ ਵਫ਼ਦ ਤੋਂ ਸਹਿਯੋਗ ਮੰਗਿਆ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਤੇ ਕੈਨੇਡਾ ਖ਼ਾਸ ਤੌਰ ਉੱਤੇ ਸਸਕੈਚਵਨ ਵਿਚਾਲੇ ਸਹਿਯੋਗ ਨਾਲ ਦੋਵਾਂ ਮੁਲਕਾਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਸੂਬੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਦੀ ਫੌਰੀ ਲੋੜ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਤੇ ਕੈਨੇਡਾ ਵਿਚਾਲੇ ਪਰਸਪਰ ਸਹਿਯੋਗ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਖੋਲ੍ਹ ਕੇ ਉਨ੍ਹਾਂ ਦੀ ਤਕਦੀਕ ਬਦਲ ਦੇਵੇਗਾ।

ਇਸ ਦੌਰਾਨ ਕੈਨੇਡਾ ਦੇ ਵਫ਼ਦ ’ਚ ਸ਼ਾਮਲ ਏ. ਡੀ. ਐੱਮ. ਇੰਟਰਨੈਸ਼ਨਲ ਇੰਗੇਜਮੈਂਟ, ਸਸਕੈਚਵਨ ਟਰੇਡ ਤੇ ਐਕਸਪੋਰਟ ਡਿਵੈੱਲਪਮੈਂਟ ਰਿਸ਼ੈਲ ਬੋਰਗੌਨ, ਐੱਮ. ਡੀ. ਸਸਕੈਚਵਨ ਇੰਡੀਆ ਆਫਿਸ ਵਿਕਟਰ ਲੀ, ਕੌਂਸਲ ਜਨਰਲ ਆਫ਼ ਕੈਨੇਡਾ ਪੈਟਰਿਕ ਹੇਬਰਟ ਅਤੇ ਯੂਨੀਵਰਸਿਟੀ ਆਫ਼ ਸਸਕੈਚਵਨ ਵਿਖੇ ਵਾਈਸ ਪ੍ਰੈਜ਼ੀਡੈਂਟ ਆਫ ਰਿਸਰਚ ਡਾ. ਬਲਜੀਤ ਸਿੰਘ ਨੇ ਮੁੱਖ ਮੰਤਰੀ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਮੁੱਖ ਮੰਤਰੀ ਨੂੰ ਹਰੇਕ ਖੇਤਰ ’ਚ ਪੂਰੇ ਸਹਿਯੋਗ ਤੇ ਤਾਲਮੇਲ ਕਰਨ ਦਾ ਯਕੀਨ ਵੀ ਦਿਵਾਇਆ।

Anuradha

This news is Content Editor Anuradha