ਚੋਣਾਂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੁਰਸੀ ''ਤੇ ਨਹੀਂ ਰਹਿਣ ਦੇਵਾਂਗੇ : ਸੁਖਬੀਰ

04/18/2019 1:01:50 AM

ਬੁਢਲਾਡਾ/ਬਰੇਟਾ,(ਬਾਂਸਲ, ਮਨਜੀਤ): ਲੋਕ ਸਭਾ ਚੋਣਾਂ 'ਚ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਵਾਅਦਿਆਂ ਤੇ ਸਹੂਲਤਾਂ ਦੇ ਮੁਕਾਬਲੇ ਕਾਂਗਰਸ ਦੇ ਦੋ ਸਾਲ ਦੇ ਰਾਜ ਦੀ ਤੁਲਨਾ ਕਰ ਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰੇ। ਇਹ ਸ਼ਬਦ ਬੁੱਧਵਾਰ ਇੱਥੇ ਹਲਕਾ ਬੁਢਲਾਡਾ ਦੇ ਸ਼ਹਿਰੀ ਖੇਤਰਾਂ ਦੇ ਵੱਖ-ਵੱਖ ਵਾਰਡਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਦੋ ਸਾਲ ਦੇ ਰਾਜ ਦੌਰਾਨ ਜਿੱਥੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਕੈਪਟਨ ਸਰਕਾਰ ਦੇ ਰਾਜ 'ਚ ਪੈਨਸ਼ਨ, ਸ਼ਗਨ ਸਕੀਮ, ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਲੋਕ ਦਰ-ਦਰ ਭਟਕ ਰਹੇ ਹਨ। ਖਜ਼ਾਨਾ ਖਾਲੀ ਦਾ ਝੂਠਾ ਲਾਰਾ ਲਾ ਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਜਿੱਤ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ 'ਤੇ ਰਹਿਣ ਨਹੀਂ ਦੇਣਗੇ। ਸਥਾਨਕ ਸ੍ਰੀ ਭਵਨ 'ਚ ਠੇਕੇਦਾਰ ਗੁਰਪਾਲ ਸਿੰਘ ਦੀ ਅਗਵਾਈ 'ਚ ਸ਼ਹਿਰ ਦੇ ਇਕ ਦਰਜਨ ਤੋਂ ਵੱਧ ਕੌਂਸਲਰ ਆਪਣੇ ਵੱਖ-ਵੱਖ ਵਾਰਡਾਂ ਤੋਂ ਜਥਿਆਂ ਦੀ ਅਗਵਾਈ 'ਚ ਸ਼ਾਮਲ ਹੋਏ।ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਡਾ. ਨਿਸ਼ਾਨ ਸਿੰਘ, ਗੁਰਮੇਲ ਸਿੰਘ ਫਫੜੇ ਭਾਈਕੇ, ਸ਼ਾਮ ਲਾਲ ਧਲੇਵਾਂ, ਬਲਵਿੰਦਰ ਸਿੰਘ ਕਾਕਾ ਕੋਚ, ਸੁਖਵਿੰਦਰ ਕੌਰ ਸੁੱਖੀ, ਕਾਕਾ ਬੋੜਾਵਾਲੀਆਂ, ਕਾਲੂ ਮਦਾਨ ਆਦਿ ਹਾਜ਼ਰ ਸਨ।