ਮੁੱਖ ਮੰਤਰੀ ਵੱਲੋਂ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਦਿੱਲੀ ਤੋਂ ਆਉਣ ਵਾਲਿਆਂ ਦੀ ਸਖਤ ਜਾਂਚ ''ਤੇ ਜ਼ੋਰ

06/13/2020 10:55:18 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਸੂਬੇ ਵਿੱਚ ਕੋਵਿਡ ਦੇ ਫੈਲਾਅ 'ਤੇ ਗੰਭੀਰ ਚਿੰਤਾਵਾਂ ਜ਼ਾਹਰ ਕਰਦਿਆਂ ਬਾਹਰੀ ਸੂਬਿਆਂ ਖਾਸ ਕਰਕੇ ਦਿੱਲੀ ਤੋਂ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕਰਨ ਲਈ ਆਖਿਆ ਕਿਉਂਕਿ ਦਿੱਲੀ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ। Îਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਦੇ ਹਸਪਤਾਲ ਦੀ ਸਿਫਾਰਸ਼ 'ਤੇ ਇੱਥੇ ਬੈੱਡ ਰਾਖਵਾਂ ਕਰਵਾਉਣ ਉਪਰੰਤ ਪੰਜਾਬੀਆਂ ਦਾ ਕੋਵਿਡ ਦੇ ਇਲਾਜ ਲਈ ਦਿੱਲੀ ਤੋਂ ਪੰਜਾਬ ਆਉਣ 'ਤੇ ਸਵਾਗਤ ਹੈ। ਮੁੱਖ ਮੰਤਰੀ ਅੱਜ 'ਕੈਪਟਨ ਨੂੰ ਸਵਾਲ' ਦੀ ਅਗਲੀ ਲੜੀ ਤਹਿਤ ਫੇਸਬੁੱਕ 'ਤੇ ਲਾਈਵ ਹੁੰਦਿਆਂ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਦੂਜੇ ਸੂਬਿਆਂ ਨਾਲ ਲਗਦੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਸੀਲ ਕਰਨ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨਾਲ ਲਗਦੇ ਆਪਣੇ ਬਾਰਡਰ ਸੀਲ ਕਰ ਦਿੱਤੇ ਹਨ ਪਰ ਹਰਿਆਣਾ ਅਤੇ ਦਿੱਲੀ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਇਕੱਲੇ ਸ਼ੁੱਕਰਵਾਰ ਹੀ ਦਿੱਲੀ ਤੇ ਹਰਿਆਣਾ ਤੋਂ 6500 ਵਾਹਨ ਪੰਜਾਬ ਵਿੱਚ ਦਾਖਲ ਹੋਏ ਹਨ ਜਿਸ ਨਾਲ ਇਕ ਦਿਨ ਵਿੱਚ 20,000 ਨਵੇਂ ਲੋਕ ਪੰਜਾਬ ਆ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਾਜ਼ੇਟਿਵ ਕੇਸਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਦਾਖਲ ਹੋਣ ਦੇ ਨੇਮਾਂ ਨੂੰ ਹੋਰ ਸਖਤ ਕਰਨ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 2986 ਕੇਸਾਂ ਵਿੱਚੋਂ 1471 ਕੇਸਾਂ ਵਿੱਚ ਬਾਹਰੀ ਲੋਕਾਂ ਅਤੇ ਉਨ੍ਹਾਂ ਦੇ ਸੰਪਰਕ ਨੂੰ ਲੱਭਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੂਬਾ ਮੁਲਕ ਦੇ ਦੂਜੇ ਸੂਬਿਆਂ ਦੇ ਤੁਲਨਾਤਮਕ ਚੰਗਾ ਕਰ ਰਿਹਾ ਹੈ ਪਰ ਪੰਜਾਬ ਵਿੱਚ ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਖਤ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬੰਦਿਸ਼ਾਂ ਪਸੰਦ ਨਹੀਂ ਕਰਦਾ ਪਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਖਾਤਰ ਉਨ੍ਹਾਂ ਨੂੰ ਹਫ਼ਤੇ ਦੇ ਅੰਤਲੇ ਦਿਨ ਅਤੇ ਛੁੱਟੀ ਵਾਲੇ ਦਿਨ ਮਜ਼ਬੂਰਨ ਰੋਕਾਂ ਲਾਉਣੀਆਂ ਪਈਆਂ।  ਇਨ੍ਹਾਂ ਦਿਨਾਂ ਵਿੱਚ ਅੰਤਰ-ਰਾਜੀ ਆਵਾਜਾਈ 'ਤੇ ਬੰਦਿਸ਼ਾਂ ਵੀ ਬੇਲੋੜੇ ਸਮਾਜਿਕ ਮੇਲ-ਜੋਲ ਨੂੰ ਰੋਕਣ ਲਈ ਲਾਈਆਂ ਗਈਆਂ ਹਨ।


Deepak Kumar

Content Editor

Related News