ਲਾਕਡਾਊਨ ਦੌਰਾਨ ਚੀਫ਼ ਖਾਲਸਾ ਦੀਵਾਨ ਦੇ ਕਰਮਚਾਰੀ ਤਨਖ਼ਾਹਾਂ ਤੋਂ ਵਾਂਝੇ

05/12/2020 1:35:29 PM

ਹੁਸ਼ਿਆਰਪੁਰ (ਜ. ਬ.) : ਅੱਜ ਕੋਰੋਨਾ ਮਹਾਮਾਰੀ ਨਾਲ ਦੇਸ਼ ਦੇ ਨਾਲ-ਨਾਲ ਜਿਥੇ ਸਾਰਾ ਸੰਸਾਰ ਜੂਝ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆ ਰਹੀਆਂ ਹਨ। ਉਥੇ ਹੀ ਕੁਝ ਵਿਦਿਅਕ ਸੰਸਥਾਵਾਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਦਿੱਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਸੂਤਰਾਂ ਅਨੁਸਾਰ ਸਰਕਾਰ ਵੱਲੋਂ ਵੀ ਹਰ ਅਦਾਰੇ ਨੂੰ ਆਪਣੇ ਕਰਮਚਾਰੀਆਂ ਨੂੰ ਤਨਖ਼ਾਹਾਂ ਦਿੱਤੇ ਜਾਣ ਦੀਆਂ ਕੀਤੀਆਂ ਅਪੀਲਾਂ ਨੂੰ ਅੱਖੋਂ ਪਰੋਖੇ ਕਰਕੇ ਇਹ ਸੰਸਥਾਵਾਂ ਆਪਣੀ ਮਨ-ਮਰਜ਼ੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ਦਰਮਿਆਨ ਅੰਮ੍ਰਿਤਸਰ ਤੋਂ ਆਈ ਚੰਗੀ ਖਬਰ

ਅਜਿਹਾ ਹੀ ਇਕ ਮਾਮਲਾ ਸਿੱਖ ਧਰਮ ਦੀ ਸਿਰਮੌਰ ਸੰਸਥਾ ਚੀਫ਼ ਖਾਲਸਾ ਦੀਵਾਨ, ਜਿਸ ਦੇ 50 ਤੋਂ ਵੱਧ ਸਕੂਲ ਪੰਜਾਬ ਅੰਦਰ ਚੱਲ ਰਹੇ ਹਨ, ਸਬੰਧੀ ਸਾਹਮਣੇ ਆਇਆ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਸੰਸਥਾ ਦੇ ਅਦਾਰਿਆਂ 'ਚ ਕੰਮ ਕਰਦੇ ਲਗਭਗ 2000 ਕਰਮਚਾਰੀਆਂ ਦੀਆਂ ਤਨਖ਼ਾਹਾਂ 'ਤੇ ਰੋਕ ਲਾ ਦਿੱਤੀ ਗਈ ਹੈ। ਜਦਕਿ ਉਕਤ ਅਧਿਆਪਕ ਲਗਾਤਾਰ ਵਿਦਿਆਰਥੀਆਂ ਨੂੰ ਇੰਟਰਨੈੱਟ ਰਾਹੀਂ ਆਨ-ਲਾਈਨ ਪੜ੍ਹਾਈ ਕਰਵਾ ਰਹੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸੰਸਥਾ ਚੈਰੀਟੇਬਲ ਹੋਣ ਦੇ ਨਾਲ-ਨਾਲ ਧਾਰਮਕ ਪੱਖੋਂ ਵੀ ਕਾਫੀ ਸਰਗਰਮ ਹੈ। ਇਸ ਸੰਸਥਾ ਦਾ ਬਜਟ ਕਰੋੜਾਂ ਰੁਪਏ 'ਚ ਹੁੰਦਾ ਹੈ। ਜੇਕਰ ਅਜਿਹੀਆਂ ਧਾਰਮਿਕ ਸੰਸਥਾਵਾਂ ਵੀ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਤਾਂ ਬਾਕੀਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸ ਮੁਸ਼ਕਲ ਦੇ ਦੌਰ 'ਚ ਹਰ ਵਿਦਿਅਕ ਹੀ ਨਹੀਂ ਹੋਰ ਨਿੱਜੀ ਸੰਸਥਾਵਾਂ ਨੂੰ ਵੀ ਆਪਣੇ ਕਰਮਚਾਰੀਆਂ ਨਾਲ ਖੜ੍ਹੇ ਹੋ ਕੇ ਉਨ੍ਹਾਂ ਦੀ ਪੂਰੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਰਥਕ ਜਾਂ ਹੋਰ ਪੱਖ ਤੋਂ ਤੰਗ ਨਾ ਰਹਿਣ।

ਇਹ ਵੀ ਪੜ੍ਹੋ :  ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 32 ਤਕ ਪੁੱਜਾ ਅੰਕੜਾ

ਇਸ ਸਬੰਧੀ ਪੁੱਛੇ ਜਾਣ 'ਤੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਨਾਨ-ਟੀਚਿੰਗ ਸਟਾਫ਼ ਨੂੰ ਤਨਖ਼ਾਹਾਂ ਦੇ ਦਿੱਤੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਤਨਖ਼ਾਹਾਂ ਬਹੁਤ ਘੱਟ ਹੁੰਦੀਆਂ ਹਨ ਅਤੇ ਉਹ ਵੱਧ ਲੋੜਵੰਦ ਹੁੰਦੇ ਹਨ। ਬਾਕੀ ਟੀਚਰਾਂ ਨੂੰ ਅੱਧੀਆਂ ਤਨਖ਼ਾਹਾਂ 15 ਮਈ ਤੱਕ ਦੇ ਦਿੱਤੀਆਂ ਜਾਣਗੀਆਂ ਅਤੇ ਉਸ ਤੋਂ ਅਗਲੇ 10 ਦਿਨਾਂ 'ਚ ਬਕਾਇਆ ਰਹਿੰਦੀਆਂ ਤਨਖ਼ਾਹਾਂ ਕਲੀਅਰ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਟਾਫ਼ ਨੂੰ ਤੰਗ ਨਹੀਂ ਰਹਿਣ ਦੇਣਾ। ਇਸ ਸਬੰਧੀ ਅਸੀਂ ਪ੍ਰਿੰਸੀਪਲਾਂ ਨੂੰ ਵੀ ਕਿਹਾ ਹੈ ਕਿ ਜੋ ਸਟਾਫ਼ ਮੈਂਬਰ, ਜਿਸਦੀ ਆਰਥਕ ਪੁਜ਼ੀਸ਼ਨ ਜ਼ਿਆਦਾ ਟਾਈਟ ਹੈ, ਉਸਨੂੰ ਕੁੱਝ ਐਡਵਾਂਸ ਦੇ ਦਿੱਤਾ ਜਾਵੇ।

Anuradha

This news is Content Editor Anuradha