ਸਿੰਘ ਸਾਹਿਬਾਨ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੇ ਆਧਾਰ ''ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ : ਦਾਦੂਵਾਲ

Sunday, Aug 27, 2017 - 09:02 PM (IST)

ਗੁਰਦਾਸਪੁਰ (ਦੀਪਕ) –ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ 'ਚ ਬੀਤੇ ਦਿਨੀਂ ਨਿੰਦਣਯੋਗ ਘਟਨਾਵਾਂ ਸਾਹਮਣੇ ਆਈਆਂ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਵਾਲੇ ਤਖਤ ਸ਼੍ਰੀ ਦਮਦਮਾ ਸਾਹਿਬ 'ਚ ਵੀ ਕਮੇਟੀ ਮੁਲਾਜ਼ਮ ਤੇ ਹੋਰ ਲੋਕ ਇਤਰਾਜ਼ਯੋਗ ਸਥਿਤੀ ਵਿਚ ਪਾਏ ਗਏ। ਇਸੇ ਤਰ੍ਹਾਂ ਇਸ ਅਸਥਾਨ 'ਤੇ ਜਿਥੇ 11 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੌਮ ਦੀ ਖਾਤਰ ਸ਼ਹਾਦਤ ਦਿੱਤੀ ਸੀ, ਜਿਸ ਕਾਰਨ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ 'ਚ ਸਰਬੱਤ ਖਾਲਸਾ ਗੁੱਟ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਆਪਣੇ ਸਾਥੀ ਸਿੰਘਾਂ ਸਮੇਤ ਪਹੁੰਚ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ ਤੇ ਹੋਰ ਟਰੱਸਟ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਸਿੰਘ ਸਾਹਿਬਾਨ ਵੱਲੋਂ ਗਠਿਤ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਹੀ ਸਿੱਖ ਮਰਿਆਦਾ ਦੇ ਮੁਤਾਬਿਕ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਨ੍ਹਾਂ ਦੇ ਬਣਾਏ ਗਏ ਜਥੇਦਾਰ ਗੁਰਦੁਆਰਾ 'ਚ ਹੋਈਆਂ ਘਟਨਾਵਾਂ ਲਈ ਦੋਹਰੇ ਮਾਪਦੰਡ ਅਪਣਾ ਰਹੇ ਹਨ। ਜ਼ਿਲਾ ਗੁਰਦਾਸਪੁਰ ਦੇ ਅਕਾਲੀ ਨੇਤਾਵਾਂ ਦਾ 20 ਅਗਸਤ ਨੂੰ ਗੁਰਦੁਆਰਾ ਸਾਹਿਬ 'ਚ ਧੱਕੇ ਨਾਲ ਦਾਖਲ ਹੋਣਾ ਨਿੰਦਣਯੋਗ ਹੈ। ਇਨ੍ਹਾਂ ਲੋਕਾਂ ਵੱਲੋਂ ਆਪਣੇ ਬਣਾਏ ਗਏ ਜਥੇਦਾਰ ਨੂੰ ਢਾਲ ਦੇ ਰੂਪ 'ਚ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੀ ਰਿਪੋਰਟ ਦੇ ਬਾਅਦ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਗੁਰਦੁਆਰੇ ਦੀ ਆੜ 'ਚ ਕੀਤੀ ਜਾ ਰਹੀ ਰਾਜਨੀਤਿਕ ਬਿਆਨਬਾਜ਼ੀ ਤੁਰੰਤ ਬੰਦ ਕਰਨੀ ਚਾਹੀਦੀ ਹੈ। ਇਸ ਮੌਕੇ ਸੁਰਜੀਤ ਸਿੰਘ ਤੁਗਲਵਾਲ, ਰਣਧੀਰ ਸਿੰਘ, ਮੱਖਣ ਸਿੰਘ, ਦਿਲੇਰ ਸਿੰਘ, ਗੁਰਮੀਤ ਸਿੰਘ, ਜਗਮੀਤ ਸਿੰਘ, ਸਤਪਾਲ ਸਿੰਘ, ਸੇਵਕ ਸਿੰਘ ਆਦਿ ਹਾਜ਼ਰ ਸਨ।


Related News