ਮੁੜ ਚਰਚਾ 'ਚ ਪੰਜਾਬ ਦਾ ਸਿਹਤ ਮਹਿਕਮਾ, ਮੰਤਰੀ ਜੌੜਾਮਾਜਰਾ ਨੇ ਦਫ਼ਤਰ ਦੇ ਬਾਹਰ ਚਿਪਕਾਇਆ ਇਹ ਨੋਟਿਸ

08/10/2022 12:05:15 PM

ਜਲੰਧਰ (ਧਵਨ)- ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਬਦਲੀਆਂ ਨੂੰ ਲੈ ਕੇ ਕਾਫ਼ੀ ਤੰਗ ਆਏ ਦੱਸੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਜ਼ਿਆਦਾਤਰ ਚੁਣੇ ਹੋਏ ਵਿਧਾਇਕ ਹੀ ਬਦਲੀਆਂ ਲਈ ਅਰਜ਼ੀਆਂ ਦੇ ਰਹੇ ਹਨ। ਸਿਹਤ ਮੰਤਰੀ ਜੌੜਾਮਾਜਰਾ ਨੇ ਹੁਣ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਉਨ੍ਹਾਂ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਦੇ ਬਾਹਰ ਇਕ ਨੋਟਿਸ ਰੂਪੀ ਸਲਿੱਪ ਚਿਪਕਾਈ ਹੈ, ਜਿਸ ਵਿਚ ਲਿਖਿਆ ਹੈ ਕਿ ਬਦਲੀਆਂ ਬੰਦ ਹਨ। ਇਸ ਦਾ ਮਕਸਦ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਸੁਨੇਹਾ ਦੇਣਾ ਹੈ ਕਿ ਉਹ ਸਿਹਤ ਮੰਤਰੀ ਨੂੰ ਮਿਲਣ ਲਈ ਨਾ ਆਉਣ ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਇਹੀ ਕਹਿਣਾ ਪੈਂਦਾ ਹੈ ਕਿ ਤਬਾਦਲਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਸਰਕਾਰ ਨੇ ਤਬਾਦਲਿਆਂ ਲਈ ਜੋ ਸਮਾਂ ਹੱਦ ਜਾਰੀ ਕੀਤੀ ਸੀ, ਉਹ ਲੰਘ ਚੁੱਕੀ ਹੈ।

ਇਹ ਵੀ ਪੜ੍ਹੋ: 300 ਯੂਨਿਟ ਮੁਫ਼ਤ ਬਿਜਲੀ: ਡਿਫੈਕਟਿਵ ਮੀਟਰਾਂ ਤੋਂ ਸਹੀ ਰੀਡਿੰਗ ਲੈਣਾ ਪਾਵਰਕਾਮ ਲਈ ਬਣੇਗਾ ਮੁਸੀਬਤ

PunjabKesari

ਸਿਹਤ ਮੰਤਰੀ ਜੌੜਾਮਾਜਰਾ ਨੇ ਇਕ ਹੋਰ ਚੰਗੀ ਪਹਿਲ ਕੀਤੀ ਹੈ। ਉਨ੍ਹਾਂ ਆਪਣੇ ਸਿਵਲ ਸਕੱਤਰੇਤ ਦੇ ਕਮਰੇ ਦੇ ਬਾਹਰ ਇਕ ਨੋਟਿਸ ਚਿਪਕਾਇਆ ਹੈ ਕਿ ਕੋਈ ਵੀ ਉਨ੍ਹਾਂ ਨੂੰ ਤੋਹਫ਼ੇ ਦੇਣ ਦੀ ਕੋਸ਼ਿਸ਼ ਨਾ ਕਰੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢੀ ਹੈ। ਉਨ੍ਹਾਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸੇ ਲਈ ਸਿਹਤ ਮੰਤਰੀ ਨੇ ਨਿਵੇਕਲੀ ਅਤੇ ਚੰਗੀ ਪਹਿਲ ਕਰਦਿਆਂ ਆਪਣੇ ਕਮਰੇ ਦੇ ਬਾਹਰ ਨੋਟਿਸ ਲਾ ਦਿੱਤਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਤੋਹਫ਼ੇ ਨਾ ਦੇਵੇ ਕਿਉਂਕਿ ਉਹ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।

ਸਿਹਤ ਮੰਤਰੀ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਦਾ ਹਾਂ-ਪੱਖੀ ਅਸਰ ਲੋਕਾਂ ’ਤੇ ਵੀ ਪੈ ਰਿਹਾ ਹੈ। ਇਹ ਦੋਵੇਂ ਨੋਟਿਸ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਖ਼ਾਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਿਧਾਇਕਾਂ ਵਿੱਚ ਇਸ ਦਾ ਹਾਂ-ਪੱਖੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਹੋਰ ਲੋਕ-ਨੁਮਾਇੰਦੇ ਵੀ ਸਿਹਤ ਮੰਤਰੀ ਜੌੜਾਮਾਜਰਾ ਦੀ ਪੈਰਵੀ ਕਰਦੇ ਹਨ ਜਾਂ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਵੀ ਇਨ੍ਹੀਂ ਦਿਨੀਂ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜੇ ਸਿਹਤ ਮੰਤਰੀ ਜੌੜਾਮਾਜਰਾ ਅਤੇ ਹੋਰ ਮੰਤਰੀ ਰਿਸ਼ਵਤਖੋਰੀ ਤੋਂ ਆਪਣੇ-ਆਪ ਨੂੰ ਦੂਰ ਰੱਖ ਸਕਦੇ ਹਨ ਤਾਂ ਹੋਰ ਆਗੂਆਂ ਨੂੰ ਵੀ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਭ੍ਰਿਸ਼ਟਾਚਾਰ ਦੇ ਸਖ਼ਤ ਖ਼ਿਲਾਫ਼ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News