ਚੀਮਾ ਨੇ ਮੁੱਖ ਮੰਤਰੀ ਨੂੰ ਮੰਡ ਖੇਤਰ ਦੇ ਹੜ੍ਹਾਂ ਦੀ ਸਥਿਤੀ ਬਾਰੇ ਜਾਣੂੰ ਕਰਵਾਇਆ

08/12/2017 6:30:58 AM

ਸੁਲਤਾਨਪੁਰ ਲੋਧੀ,  (ਧੀਰ, ਸੋਢੀ)- ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ 'ਚ ਦਰਿਆ ਬਿਆਸ 'ਚ ਲਗਾਤਾਰ ਪਾਣੀ ਦੇ ਪੱਧਰ ਵਧਣ ਕਾਰਨ ਪੈਦਾ ਹੋਈ ਹੜ੍ਹ ਵਾਲੀ ਸਥਿਤੀ ਦੇ ਬਾਰੇ ਅੱਜ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਚੰਡੀਗੜ੍ਹ ਵਿਖੇ ਉਚੇਚੇ ਤੌਰ 'ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ 16 ਪਿੰਡਾਂ 'ਚ ਪੈਦਾ ਹੋਈ ਹੜ੍ਹ ਦੀ ਸਮੱਸਿਆ ਸਬੰਧੀ ਜਾਣੂ ਕਰਵਾਇਆ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਦੱਸਿਆ ਕਿ ਹਰੀਕੇ ਤੋਂ ਪਾਣੀ ਰਿਲੀਜ਼ ਨਾ ਹੋਣ ਕਾਰਨ ਮੇਰੇ ਹਲਕੇ ਦਾ ਇਹ ਖੇਤਰ ਪੂਰੀ ਤਰ੍ਹਾਂ ਪਾਣੀ 'ਚ ਡੁੱਬਿਆ ਹੋਇਆ ਹੈ। ਝੋਨੇ ਦੀ ਫਸਲ ਤੇ ਹਰਾ ਚਾਰਾ, ਸਬਜੀਆਂ, ਵਗੈਰਾ ਹੀ ਪੂਰੀ ਤਰ੍ਹਾਂ ਪਾਣੀ 'ਚ ਡੁੱਬਣ ਕਾਰਨ ਖਰਾਬ ਹੋ ਚੁੱਕੀਆਂ ਹਨ। ਵਿਧਾਇਕ ਚੀਮਾ ਨੇ ਕੈਪਟਨ ਸਾਹਿਬ ਨੂੰ ਦੱਸਿਆ ਕਿ ਇਹ ਖੇਤਰ ਹਰ ਸਾਲ ਦਰਿਆ ਬਿਆਸ 'ਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਹੜ੍ਹ ਦੀ ਲਪੇਟ 'ਚ ਆ ਜਾਂਦਾ ਹੈ, ਜਿਸ ਦੇ ਲਈ ਸਰਕਾਰ ਨੂੰ ਕੋਈ ਠੋਸ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਲਟੂਨ ਬ੍ਰਿਜ ਖੁੱਲ੍ਹਣ ਤੋਂ ਬਾਅਦ ਮੰਡ ਖੇਤਰ ਦੇ ਵਾਸੀਆਂ ਲਈ ਸਿਰਫ ਇਕ ਹੀ ਕਿਸ਼ਤੀ ਸਹਾਰਾ ਰਹਿ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਪਾਸੋਂ ਨਿੱਜੀ ਦਿਲਚਸਪੀ ਲੈ ਕੇ ਹਰੀਕੇ ਤੋਂ ਜ਼ਿਆਦਾ ਮਾਤਰਾ 'ਚ ਪਾਣੀ ਰਿਲੀਜ਼ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਸਾਰੀ ਸਥਿਤੀ ਬਾਰੇ ਵਿਸਥਾਰਪੂਰਵਕ ਦੱਸਿਆ ਕਿ ਹਿਮਾਚਲ 'ਚ ਭਾਰੀ ਬਰਸਾਤ ਹੋਣ ਕਾਰਨ ਪੌਂਗ ਡੈਮ ਵੀ ਖਤਰੇ ਦੇ ਨਿਸ਼ਾਨ ਦੇ ਕਰੀਬ ਹੈ, ਇਸ ਲਈ ਸਥਿਤੀ ਨੂੰ ਤੁਰੰਤ ਕੰਟਰੋਲ ਕਰਨ ਦੀ ਜ਼ਰੂਰਤ ਹੈ। 
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਹਰੀਕੇ ਤੋਂ ਜ਼ਿਆਦਾ ਮਾਤਰਾ 'ਚ ਪਾਣੀ ਨੂੰ ਰਿਲੀਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਵਿਧਾਇਕ ਚੀਮਾ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪਾਣੀ ਦੇ ਘਟਣ ਉਪਰੰਤ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਮੰਡ ਖੇਤਰ ਦਾ ਦੌਰਾ ਕਰਨਗੇ।