ਸਿਹਤ ਸੰਸਥਾਵਾਂ ਦੀ ਚੈਕਿੰਗ; ਸਹੂਲਤਾਂ ਦਾ ਲਿਆ ਜਾਇਜ਼ਾ

07/24/2017 12:43:49 AM

ਨਵਾਂਸ਼ਹਿਰ, (ਤ੍ਰਿਪਾਠ, ਮਨੋਰੰਜਨ)- ਵੱਖ-ਵੱਖ ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ ਕਰ ਕੇ ਡਾਕਟਰਾਂ ਤੇ ਸਟਾਫ ਦੀ ਹਾਜ਼ਰੀ, ਸਫਾਈ ਪ੍ਰਬੰਧਾਂ ਤੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।
ਇਸ ਦੌਰਾਨ ਸਿਵਲ ਸਰਜਨ ਡਾ. ਅਜੇ ਬੱਗਾ ਦੀ ਟੀਮ ਨੇ ਸਬ-ਡਵੀਜ਼ਨ ਹਸਪਤਾਲ ਬਲਾਚੌਰ ਤੇ ਕਾਠਗੜ੍ਹ, ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਦੀ ਟੀਮ ਨੇ ਸੀ. ਐੱਚ. ਸੀ. ਬੰਗਾ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਦਵਿੰਦਰ ਢਾਂਡਾ ਤੇ ਜ਼ਿਲਾ ਡੈਂਟਲ ਸਿਹਤ ਅਧਿਕਾਰੀ ਡਾ. ਗੁਲਜ਼ਾਰ ਚੰਦ ਦੀ ਟੀਮ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਦੀ ਅਚਨਚੇਤ ਚੈਕਿੰਗ ਕਰ ਕੇ ਸਿਹਤ ਸਹੂਲਤਾਂ ਦੀ ਮਾਨੀਟਰਿੰਗ ਕੀਤੀ। 
ਸਿਵਲ ਸਰਜਨ ਡਾ. ਅਜੇ ਬੱਗਾ ਨੇ ਦੱਸਿਆ ਕਿ ਅਚਨਚੇਤ ਨਿਰੀਖਣ ਦਾ ਮੁੱਖ ਮੰਤਵ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰਨਾ ਹੈ। ਉਨ੍ਹਾਂ ਮੈਡੀਕਲ ਅਧਿਕਾਰੀਆਂ ਨੂੰ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਭਰਿਆ ਰਵੱਈਆ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਕ ਡਾਕਟਰ ਦੇ ਸਹਿਯੋਗਪੂਰਨ ਤੇ ਹਮਦਰਦੀ ਭਰੇ ਰਵੱਈਏ ਨਾਲ ਹੀ ਮਰੀਜ਼ ਦੀ ਅੱਧੀ ਬੀਮਾਰੀ ਠੀਕ ਹੋ ਜਾਂਦੀ ਹੈ।