ਠੱਗੀ ਦੇ ਮਾਮਲੇ ''ਚ ਜੀਜਾ ਫਰਾਰ, ਸਾਲਾ ਗ੍ਰਿਫਤਾਰ

01/17/2018 3:31:44 PM

ਅਬੋਹਰ (ਸੁਨੀਲ) : ਨੇਚਰਵੇ ਇੰਨਫ੍ਰਾਸਟਕਚਰ ਕੰਪਨੀ ਦੇ ਐੱਮ. ਡੀ. ਨੀਰਜ ਅਰੋੜਾ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਚੁੱਕਿਆ ਹੈ। ਸ੍ਰੀ ਮੁਕਤਸਰ ਸਾਹਿਬ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਗੁਰਲਾਲ ਸਿੰਘ ਨੇ ਪੁਲਸ ਪਾਰਟੀ ਸਣੇ ਛਾਪਾ ਮਾਰ ਕੇ ਨੀਰਜ ਅਰੋੜਾ ਦੇ ਸਾਲੇ ਗੌਰਵ ਛਾਬੜਾ ਪੁੱਤਰ ਚਿਮਨ ਲਾਲ ਛਾਬੜਾ ਵਾਸੀ ਹਨੂੰਮਾਨਗੜ੍ਹ ਰੋਡ ਸੂਰਜ ਨਗਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਹਾਇਕ ਸਬ ਇੰਸਪੈਕਟਰ ਗੁਰਲਾਲ ਸਿੰਘ ਨੇ ਦੱਸਿਆ ਕਿ ਨੀਰਜ ਅਰੋੜਾ ਅਤੇ ਗੌਰਵ ਛਾਬੜਾ ਖਿਲਾਫ ਨਗਰ ਥਾਣਾ ਮਲੋਟ ਨੇ ਕਲਵੰਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਭਾਈਕੇਰਾ ਦੇ ਬਿਆਨਾਂ ਦੇ ਆਧਾਰ 'ਤੇ ਧੋਖਾਦੇਹੀ ਅਤੇ ਸਾਜ਼ਿਸ਼ ਕਰਨ ਦਾ ਮਾਮਲੇ ਦਰਜ ਕੀਤਾ ਸੀ। ਇਸੇ ਤਰ੍ਹਾਂ ਇਕ ਹੋਰ ਮਾਮਲਾ ਗਿਦੜਬਾਹਾ ਥਾਣਾ ਪੁਲਸ ਨੇ ਮਦਨ ਲਾਲ ਪੁੱਤਰ ਜਗਨਨਾਥ ਦੇ ਬਿਆਨਾਂ ਦੇ ਆਧਾਰ ਤੇ ਨੀਰਜ ਅਰੋੜਾ ਤੇ ਗੌਰਵ ਛਾਬੜਾ ਅਤੇ ਹੋਰਾਂ ਖਿਲਾਫ ਦਰਜ ਕੀਤਾ ਸੀ।
ਜਾਣਕਾਰੀ ਮੁਤਾਬਕ ਨੇਚਰਵੇ ਇੰਨਫ੍ਰਾਸਟਕਚਰ ਦੇ ਐਮ. ਡੀ ਨੀਰਜ ਅਰੋੜਾ ਖਿਲਾਫ ਅਬੋਹਰ ਥਾਣਾ ਵਿਚ 4 ਦਰਜਨ ਦੇ ਲਗਭਗ ਮਾਮਲੇ ਦਰਜ ਹਨ। ਜਿਸ ਵਿਚ ਕਈ ਸ਼ਿਕਾਇਤਾਂ ਤੇ ਚੈਕ ਬਾਊਂਸ ਦੇ ਕੇਸ ਹਨ। ਨੀਰਜ ਅਰੋੜਾ ਨੂੰ ਕਈ ਮਾਮਲਿਆਂ ਵਿਚ ਅਦਾਲਤ ਤੋਂ ਜ਼ਮਾਨਤ ਮਿਲਣ ਬਾਅਦ ਉਹ ਫਰਾਰ ਹੋ ਚੁੱਕਿਆ ਹੈ। ਕੁਝ ਮਾਮਲਿਆਂ ਵਿਚ ਨੀਰਜ ਅਰੋੜਾ ਨੇ ਸਮਝੌਤੇ ਵੀ ਕਰ ਲਏ ਦੱਸੇ ਜਾ ਰਹੇ ਹਨ ਅਤੇ ਕਈਆਂ ਵਿਚ ਨੀਰਜ ਅਰੋੜਾ ਫਰਾਰ ਚੱਲ ਰਿਹਾ ਹੈ।