ਕੈਨੇਡਾ ਭੇਜਣ ਦੇ ਨਾਂ ''ਤੇ 65 ਲੱਖ ਰੁਪਏ ਦੀ ਠੱਗੀ, 3 ਨਾਮਜ਼ਦ

11/04/2018 7:21:08 PM

ਬਠਿੰਡਾ (ਸੁਖਵਿੰਦਰ)— ਮੌੜ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ 'ਤੇ 65 ਲੱਖ ਦੀ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਵਾਸੀ ਗਿਆਨਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅਮਨਜੋਤ ਸਿੰਘ, ਹੀਨਾ ਪਤਨੀ ਅਮਨਜੋਤ ਅਤੇ ਬੇਅੰਤ ਸਿੰਘ ਵਾਸੀ ਗੁੜਗਾਓਂ ਨੇ ਉਸ ਤੋਂ ਅਤੇ 5 ਹੋਰ ਵਿਅਕਤੀਆਂ ਤੋਂ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ 65 ਲੱਖ 65 ਹਜ਼ਾਰ ਰੁਪਏ ਲਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਦਾ ਵੀਜ਼ਾ ਲਵਾਇਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜਦੋਂ ਉਨ੍ਹਾਂ ਵਲੋਂ ਉਕਤ ਵਿਅਕਤੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੜਗਾਓਂ ਤੋਂ ਗਾਇਬ ਹੋ ਗਏ ਅਤੇ ਮੋਬਾਇਲ ਫੋਨ ਬੰਦ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਿਆ।

ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗਿਆਨ ਚੰਦ ਨੇ ਦੱਸਿਆ ਅਮਰੀਕ ਸਿੰਘ ਗੁੜਗਾਓਂ ਵਿਖੇ ਹੀ ਕੰਮਕਾਜ ਲਈ ਗਿਆ ਸੀ ਜਿੱਥੇ ਉਨ੍ਹਾਂ ਦੀ ਮੁਲਾਕਾਤ ਮੁਲਜ਼ਮਾਂ ਨਾਲ ਹੋਈ ਗਈ। ਇਸ ਤੋਂ ਬਾਅਦ ਇਨ੍ਹਾਂ ਦਾ ਆਪਸ ਵਿਚ ਆਉਣਾ ਜਾਣਾ ਹੋ ਗਿਆ ਅਤੇ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਭਰੋਸੇ ਵਿਚ ਲੈ ਠੱਗੀ ਮਾਰ ਲਈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਤਿੰਨਾਂ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।