CM ਚੰਨੀ ਦਾ ਬਿਜਲੀ ਦਰਾਂ ''ਚ ਕਟੌਤੀ ਦਾ ਨਵਾਂ ਐਲਾਨ ਬਣੇਗਾ ਚੁਣੌਤੀ, ਸਰਕਾਰ ਪਹਿਲਾਂ ਹੀ ਕਰੋੜਾਂ ਦੀ ਕਰਜ਼ਈ

11/02/2021 1:32:04 PM

ਪਟਿਆਲਾ (ਜ. ਬ.) : ਪੰਜਾਬ ਦੀ ਚੰਨੀ ਸਰਕਾਰ ਪਹਿਲਾਂ ਹੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਰਜ਼ਈ ਹੈ। ਅਜਿਹੇ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 7 ਕਿੱਲੋਵਾਟ ਤੱਕ ਘਰੇਲੂ ਖ਼ਪਤਕਾਰਾਂ ਲਈ ਬਿਜਲੀ ਦਰਾਂ ’ਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਕਰਨ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣਾ ਇਕ ਵੱਡੀ ਚੁਣੌਤੀ ਬਣੇਗਾ, ਇਹ ਤੈਅ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਚੰਨੀ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, 3 ਰੁਪਏ ਸਸਤੀ ਹੋਈ ਬਿਜਲੀ

ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 15 ਅਕਤੂਬਰ 2021 ਤੱਕ ਪੰਜਾਬ ਸਰਕਾਰ ਨੇ ਪਾਵਰਕਾਮ ਦੇ ਬਿਜਲੀ ਸਬਸਿਡੀ ਦੇ 4047 ਕਰੋੜ 45 ਲੱਖ ਰੁਪਏ ਦੇਣੇ ਹਨ। ਇਨ੍ਹਾਂ ਤੋਂ ਇਲਾਵਾ 2231 ਕਰੋੜ 29 ਲੱਖ ਰੁਪਏ ਦੇ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਬਕਾਇਆ ਹਨ। ਇਸ ਤੋਂ ਬਾਅਦ ਉਨ੍ਹਾਂ 2 ਕਿੱਲੋਵਾਟ ਵਾਲੇ ਖ਼ਪਤਕਾਰਾਂ ਦੇ ਮੁਆਫ਼ ਕੀਤੇ ਬਿਜਲੀ ਦੇ ਬਕਾਇਆਂ ਦਾ ਮਾਮਲਾ ਹੈ, ਜਿਸ ਦੀ ਰਾਸ਼ੀ ਤਕਰੀਬਨ 1800 ਕਰੋੜ ਰੁਪਏ ਬਣਦੀ ਹੈ। ਇਹ ਤਿੰਨੋਂ ਰਕਮਾਂ ਜੋੜ ਕੇ ਰਾਸ਼ੀ 8 ਹਜ਼ਾਰ 78 ਕਰੋੜ ਰੁਪਏ ਬਣਦੀ ਹੈ, ਜੋ ਪੰਜਾਬ ਸਰਕਾਰ ਨੇ ਪਾਵਰਕਾਮ ਦੀ ਦੇਣੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਦੀਵਾਲੀ ਗਿਫ਼ਟ 'ਤੇ 'ਨਵਜੋਤ ਸਿੱਧੂ' ਦਾ ਤੰਜ, ਪੰਜਾਬ ਦੇ ਖਜ਼ਾਨੇ ਨੂੰ ਲੈ ਕੇ ਵੀ ਦਿੱਤਾ ਬਿਆਨ

ਇਸ ਤੋਂ ਇਲਾਵਾ ਜੋ ਅੱਜ ਮੁੱਖ ਮੰਤਰੀ ਨੇ ਆਪ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸਿਰ ਨਵੇਂ ਐਲਾਨ ਨਾਲ 3316 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਸ ਹਿਸਾਬ ਨਾਲ 11394 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲ ਪਾਵਰਕਾਮ ਦੀ ਖੜ੍ਹੀ ਹੋ ਜਾਵੇਗੀ। ਇਹ ਰਾਸ਼ੀ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆਏ ਪਾਵਰਕਾਮ ਨੂੰ ਪੰਜਾਬ ਸਰਕਾਰ ਕਿਵੇਂ ਅਦਾ ਕਰੇਗੀ, ਇਸ ਨੂੰ ਲੈ ਕੇ ਸ਼ੰਕੇ ਬਣੇ ਹੋਏ ਹਨ।

ਇਹ ਵੀ ਪੜ੍ਹੋ : 'ਮਿਸ਼ਨ ਕਲੀਨ' ਤਹਿਤ ਰੇਤ 9 ਤੇ ਬੱਜਰੀ 12 ਰੁਪਏ ਘਣ ਫੁੱਟ ਦੇ ਹਿਸਾਬ ਨਾਲ ਵਿਕੇਗੀ, ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

ਇਹ ਭਾਵੇਂ ਸੰਭਵ ਹੈ ਕਿ ਚੋਣ ਵਰ੍ਹੇ ਵਿਚ ਪੰਜਾਬ ਸਰਕਾਰ ਸਿੱਧਾ ਗੱਫਾ ਪਾਵਰਕਾਮ ਨੂੰ ਦੇ ਕੇ ਦੇਵੇ ਪਰ ਸਰਕਾਰ ਦੇ ਵਿੱਤੀ ਹਾਲਾਤ ਤੋਂ ਅਜਿਹਾ ਮੁਸ਼ਕਿਲ ਜਾਪਦਾ ਹੈ। ਫਿਲਹਾਲ ਜੋ ਵੀ ਹੋਵੇਗਾ, ਉਸ ’ਤੇ ਆਮ ਲੋਕਾਂ ਦੇ ਨਾਲ-ਨਾਲ ਪਾਵਰਕਾਮ ਦੇ ਮੁਲਾਜ਼ਮਾਂ ਦੀ ਤਿੱਖੀ ਨਜ਼ਰ ਰਹਿਣੀ ਤੈਅ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita