ਪੰਜਾਬ ਦੇ 15 ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਤੇ ਤਕਨੀਕੀ ਸੰਸਥਾਵਾਂ ਕੀਤੀਆਂ ਬੰਦ

06/18/2019 10:48:43 AM

ਹੁਸ਼ਿਆਰਪੁਰ (ਘੁੰਮਣ)— ''ਪੰਜਾਬ ਦੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਦੀ ਜਾਂਚ ਦੌਰਾਨ ਕਈਆਂ 'ਚ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਗਈਆਂ, ਜਿਨ੍ਹਾਂ 'ਚੋਂ 15 ਕਾਲਜਾਂ ਅਤੇ ਸੰਸਥਾਵਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।'' ਉਕਤ ਪ੍ਰਗਟਾਵਾ ਬੀਤੇ ਦਿਨ ਇਥੇ ਪੀ. ਡਬਲਿਊ. ਡੀ. ਰੈਸਟ ਹਾਊਸ ਵਿਚ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ 'ਪੰਜਾਬ ਦੇ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਅਤੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਕਈ ਸੰਸਥਾਵਾਂ ਨੂੰ ਆਪਣੇ ਕੰਮਕਾਜ 'ਚ ਸੁਧਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਇਨ੍ਹਾਂ ਸੰਸਥਾਵਾਂ 'ਚ ਮਾਪਦੰਡ ਅਨੁਸਾਰ ਪੂਰੀ ਯੋਗਤਾ ਵਾਲੇ ਸਟਾਫ ਦੀ ਨਿਯੁਕਤੀ ਨਾ ਕੀਤੀ ਗਈ ਤਾਂ ਇਨ੍ਹÎਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਕਲ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਕਦਮ ਉਠਾਏ ਗਏ ਹਨ।

ਸ. ਚੰਨੀ ਨੇ ਕਿਹਾ ਕਿ ਜਲਿਆਂਵਾਲਾ ਬਾਗ ਦੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਰੋਹ ਸਬੰਧੀ ਸੈਰ-ਸਪਾਟਾ ਅਤੇ ਸੱਭਿਆਚਾਰਕ ਮੰਤਰਾਲਾ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਸੱਦਾ-ਪੱਤਰ ਭੇਜਿਆ ਜਾਵੇਗਾ ਕਿਉਂਕਿ ਜਦੋਂ ਜਲਿਆਂਵਾਲਾ ਬਾਗ ਕਾਂਡ ਹੋਇਆ ਸੀ, ਉਦੋਂ ਭਾਰਤ-ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮਾਰਗਦਰਸ਼ਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾ ਰਹੇ ਸਮਾਰੋਹਾਂ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਸ਼ਵ ਦੇ ਹੋਰ ਦੇਸ਼ਾਂ 'ਚ ਰਹਿ ਰਹੀਆਂ ਭਾਰਤੀ ਸੰਗਤਾਂ ਨੂੰ ਵੀ ਬੁਲਗਾਇਆ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਈਸ਼ਾ ਕਾਲੀਆ, ਐੱਸ. ਐੱਸ. ਪੀ. ਜੇ. ਏਲੀਚੇਲਿਅਨ, ਸੰਗਤ ਸਿੰਘ ਗਿਲਜੀਆਂ ਵਿਧਾਇਕ, ਏ. ਡੀ. ਸੀ. ਹਰਪ੍ਰੀਤ ਸਿੰਘ ਸੂਦਨ, ਕਾਂਗਰਸ ਦੇ ਜ਼ਿਲਾ ਪ੍ਰਧਾਨ ਡਾ. ਕੁਲਦੀਪ ਨੰਦਾ ਆਦਿ ਹਾਜ਼ਰ ਸਨ। ਜ਼ਿਲਾ ਪੁਲਸ ਦੀ ਟੁਕੜੀ ਨੇ ਸ. ਚੰਨੀ ਨੂੰ 'ਗਾਰਡ ਆਫ ਆਨਰ' ਦਿੱਤਾ।

shivani attri

This news is Content Editor shivani attri