'ਟੋਪੀ' ਪਹਿਨਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ

02/18/2023 6:42:56 PM

ਜਲੰਧਰ (ਵੈੱਬ ਡੈਸਕ)- ਦਸਤਾਰ 'ਤੇ ਟੋਪੀ ਰੱਖਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਇਸ ਸੰਬੰਧੀ ਮੁਆਫ਼ੀ ਮੰਗੀ ਅਤੇ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖ਼ਤੀ ਮੁਆਫ਼ੀਨਾਮਾ ਵੀ ਭੇਜ ਦਿੱਤਾ ਗਿਆ ਹੈ। 

ਚਰਨਜੀਤ ਸਿੰਘ ਚੰਨੀ ਹਿਮਾਚਲ ਦੌਰੇ ਦੌਰਾਨ ਆਪਣੀ ਪੱਗ 'ਤੇ ਟੋਪੀ ਪਾਉਣ ਕਾਰਨ ਸਵਾਲਾਂ ਦੇ ਘੇਰੇ 'ਚ ਆ ਗਏ ਸਨ। ਦਰਅਸਲ ਚਰਨਜੀਤ ਸਿੰਘ ਚੰਨੀ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਮਿਲਣ ਸ਼ਿਮਲਾ ਗਏ ਸਨ, ਜਿੱਥੇ ਉਨ੍ਹਾਂ ਨੂੰ ਸ਼ਾਲ ਅਤੇ ਪੱਗ ਦੇ ਕੇ ਸਨਮਾਨਤ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੂੰ ਪੱਗ 'ਤੇ ਟੋਪੀ ਪਹਿਨਾਈ ਗਈ ਸੀ। ਪਹਿਨਾਈ ਗਈ ਟੋਪੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਆਪਣੀ ਪੱਗ 'ਤੇ ਟੋਪੀ ਪਹਿਨਣ ਨੂੰ ਲੈ ਸਖ਼ਤ ਇਤਰਾਜ਼ ਪ੍ਰਗਟਾਇਆ ਸੀ ਅਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗਣ ਲਈ ਕਿਹਾ ਸੀ। 

ਇਹ ਵੀ ਪੜ੍ਹੋ :  'ਹਰ-ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, 'ਮਹਾ ਸ਼ਿਵਰਾਤਰੀ' ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੇ ਕਿਹਾ ਸੀ ਕਿ ਦਸਤਾਰ ਸਿਰਫ਼ ਕੱਪੜਾ ਨਹੀਂ ਹੈ। ਅਧਿਆਤਮਿਕ ਅਤੇ ਧਾਰਮਿਕ ਮਹੱਤਤਾ ਤੋਂ ਇਲਾਵਾ ਇਹ ਸਿੱਖਾਂ ਦੀ ਪਛਾਣ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਪੱਗ 'ਤੇ ਟੋਪੀ ਨਹੀਂ ਪਹਿਨੀ ਜਾ ਸਕਦੀ। ਸਿੱਖਾਂ ਦਾ ਆਪਣੀ ਦਸਤਾਰ ਨਾਲ ਲਗਾਵ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਪਾਲਣਾ ਅਤੇ ਸਿੱਖੀ ਸਵੈਮਾਣ ਦਾ ਪ੍ਰਤੀਬਿੰਬ ਹੈ। ਧਾਮੀ ਨੇ ਕਿਹਾ ਸੀ ਕਿ ਜੇਕਰ ਚੰਨੀ ਨੂੰ ਦਸਤਾਰ ਦੀ ਮਹੱਤਤਾ ਨਹੀਂ ਪਤਾ ਤਾਂ ਉਨ੍ਹਾਂ ਨੂੰ ਇਸ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਸੀ ਕਿ ਚੰਨੀ ਨੂੰ ਇਸ ਲਈ ਸਿੱਖ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਮੁੱਦਾ ਗਰਮਾਉਣ ਮਗਰੋਂ ਚਰਨਜੀਤ ਸਿੰਘ ਚੰਨੀ ਵੱਲੋਂ ਹੁਣ ਮੁਆਫ਼ੀ ਮੰਗ ਲਈ ਗਈ ਹੈ। 

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਖ਼ਪਤਕਾਰਾਂ ਦੀ ਵਧੀ ਪ੍ਰੇਸ਼ਾਨੀ, ਜਾਣੋ ਕਿਉਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri