ਚੰਨੀ-ਸਿੱਧੂ ਵਿਚਾਲੇ ਫਿਲਹਾਲ ਯੁੱਧ ਵਿਰਾਮ, ਅੰਦਰਖ਼ਾਤੇ ਦਬਦਬੇ ਦੀ ਜੰਗ ਜਾਰੀ

10/03/2021 10:58:24 AM

ਚੰਡੀਗੜ੍ਹ (ਹਰੀਸ਼ਚੰਦਰ) : ਤਲਵਾਰਾਂ ਖਿੱਚੀਆਂ ਅਤੇ ਫਿਰ ਮਿਆਨ ’ਚ ਵਾਪਸ ਪਾ ਲਈਆਂ ਗਈਆਂ, ਭਾਵ ਪੂਰਾ ਯੁੱਧ ਵਿਰਾਮ। ਗੱਲ ਹੋ ਰਹੀ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ। ਹਾਈਕਮਾਨ ਵੱਲੋਂ ਭੇਜੇ ਗਏ ਦੂਤ ਹਰੀਸ਼ ਚੌਧਰੀ, ਜੋ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਹੋਣ ਦੇ ਚੱਲਦੇ ਸਿੱਧੂ ਦੇ ਹੱਕ ਵਿਚ ਹੀ ਚੱਲਦੇ ਦੱਸੇ ਜਾਂਦੇ ਹਨ, ਨੇ ਪੰਜਾਬ ਕਾਂਗਰਸ ਦੇ ਦੋਵਾਂ ਸੀਨੀਅਰ ਆਗੂਆਂ ਨੂੰ ਬਿਠਾ ਕੇ ਕੁੱਝ ਸਮੇਂ ਲਈ ਹੀ ਸਹੀ, ਮਾਮਲਾ ਸੁਲਝਾ ਲਿਆ। ਸਰਕਾਰ ਵਿਚ ਕੁੱਝ ਨਿਯੁਕਤੀਆਂ ਨੂੰ ਲੈ ਕੇ ਖਫ਼ਾ ਨਵਜੋਤ ਸਿੱਧੂ ਨੇ ਬਿਨਾਂ ਹਾਈਕਮਾਨ ਨੂੰ ਆਪਣੀ ਨਾਰਾਜ਼ਗੀ ਦੀ ਵਜ੍ਹਾ ਦੱਸਣ ਲਈ ਸੋਸ਼ਲ ਮੀਡੀਆ ਰਾਹੀਂ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣੇ ਅਸਤੀਫ਼ੇ ਨੂੰ ਜੱਗ-ਜ਼ਾਹਰ ਕਰ ਦਿੱਤਾ ਸੀ। ਹਾਈਕਮਾਨ ਨੇ ਸਿੱਧੂ ਨੂੰ ਮਨਾਉਣ ਲਈ ਕਿਸੇ ਨੂੰ ਨਹੀਂ ਭੇਜਿਆ। ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਦੋਂ ਪਰਗਟ ਸਿੰਘ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਦਿ ਦੇ ਨਾਲ ਪਟਿਆਲਾ ਵਿਚ ਨਵਜੋਤ ਸਿੱਧੂ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਮੁੱਖ ਮੰਤਰੀ ਚੰਨੀ ਨੇ ਬਣਾਇਆ ਤਾਂ ਹਾਈਕਮਾਨ ਨੇ ਉਨ੍ਹਾਂ ਨੂੰ ਰੋਕ ਕੇ ਚੰਡੀਗੜ੍ਹ ਵਿਚ ਹੀ ਬੈਠਕ ਰੱਖਣ ਨੂੰ ਕਿਹਾ।

ਖੈਰ, ਕਾਂਗਰਸ ਆਲਾਕਮਾਨ ਨੇ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ਦੀ ਕੁੱਝ ਗਰਿਮਾ ਤਾਂ ਰੱਖੀ ਹੀ, ਚਾਹੇ ਬਾਅਦ ਵਿਚ ਇਸ ਬੈਠਕ ਵਿਚ ਸਿੱਧੂ ਖੇਮੇ ਦੀ ਦਮਦਾਰ ਹਾਜ਼ਰੀ ਨਾਲ ਚੰਨੀ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਬਰਾਬਰ ਕੀਤੀ ਗਈ। ਧਿਆਨਯੋਗ ਹੈ ਕਿ ਚੰਨੀ-ਸਿੱਧੂ ਦੀ ਬੈਠਕ ਵਿਚ ਹਰੀਸ਼ ਚੌਧਰੀ ਤੋਂ ਇਲਾਵਾ ਪਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਇਸ ਪੂਰੇ ਮਾਮਲੇ ਵਿਚ ਸਿੱਧੂ ਦੀ ਜ਼ਿੱਦ ਅਤੇ ਦਬਾਅ ਨੂੰ ਲੈ ਕੇ ਵੀ ਪਾਰਟੀ ਹੀ ਨਹੀਂ ਸਗੋਂ ਵਿਰੋਧੀ ਧਿਰ ਵੀ ਉਨ੍ਹਾਂ ’ਤੇ ਹਮਲਾਵਰ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਪਹਿਲੇ ਹੀ ਦਿਨ ਤੋਂ ਚੰਨੀ ਨੂੰ ਯੋਗ, ਪੜ੍ਹਿਆ-ਲਿਖਿਆ ਨੇਤਾ ਦੱਸ ਕੇ ਉਨ੍ਹਾਂ ਦੀ ਪਿੱਠ ਥਾਪੜਦੇ ਰਹੇ ਹਨ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਵੀ ਸਰਕਾਰ ਵਿਚ ਸਿੱਧੂ ਦੀ ਦਖ਼ਲ-ਅੰਦਾਜ਼ੀ ਨੂੰ ਲੈ ਕੇ ਟਿੱਪਣੀ ਕਰ ਰਹੇ ਹਨ। ਜਾਖੜ ਨੇ ਅਫ਼ਸਰ ਚੁਣਨ ਵਿਚ ਮੁੱਖ ਮੰਤਰੀ ਦੇ ਏਕਾਧਿਕਾਰ ਨੂੰ ਸਿੱਧੂ ਵੱਲੋਂ ਚੁਣੌਤੀ ਦੇਣ ਨੂੰ ਅਥਾਰਟੀ ’ਤੇ ਸਵਾਲੀਆ ਨਿਸ਼ਾਨ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੀ ਨਵਜੋਤ ਸਿੱਧੂ ਦੇ ਇਸ ਅੜੀਅਲ ਰਵੱਈਏ ਨੂੰ ਲੈ ਕੇ ਉਨ੍ਹਾਂ ਨੂੰ ਘੇਰ ਚੁੱਕੀਆਂ ਹਨ। ਇਨ੍ਹਾਂ ਦਾ ਦੋਸ਼ ਹੈ ਕਿ ਚੰਨੀ ਨੂੰ ਰਬੜ ਸਟੈਂਪ ਬਣਾ ਕੇ ਸਿੱਧੂ ਸਰਕਾਰ ਵਿਚ ਆਪਣੀ ਮਨਮਾਨੀ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹੈਲੀਕਾਪਟਰ ਬਣਿਆ ਪਹੇਲੀ, ਚੰਨੀ ਗਏ ਹੈਲੀਕਾਪਟਰ ਵਿਚ ਪਰਤੇ ਫਲਾਈਟ ਰਾਹੀਂ
ਹਾਈਕਮਾਨ ਦਿੱਲੀ ਤੋਂ ਚਲਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ
ਇਸ ਵਿਚਾਲੇ ਕਾਂਗਰਸ ਹਾਈਕਮਾਨ ਵੱਲੋਂ 3 ਮੈਂਬਰੀ ਕਮੇਟੀ ਬਣਾਉਣ ਤੋਂ ਵੀ ਸਾਫ਼ ਹੈ ਕਿ ਪਾਰਟੀ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਹੀ ਚਲਾਉਣਾ ਚਾਹੁੰਦੀ ਹੈ। ਇਸ ਕਮੇਟੀ ਵਿਚ ਮੁੱਖ ਮੰਤਰੀ ਚੰਨੀ ਦੇ ਨਾਲ ਹੀ ਨਵਜੋਤ ਸਿੱਧੂ ਅਤੇ ਹਰੀਸ਼ ਚੌਧਰੀ ਨੂੰ ਸ਼ਾਮਲ ਕੀਤਾ ਗਿਆ ਹੈ। ਚੌਧਰੀ ਨੂੰ ਰਾਹੁਲ ਖੇਮੇ ਦਾ ਖ਼ਸ ਨੇਤਾ ਮੰਨਿਆ ਜਾਂਦਾ ਹੈ। ਅਜਿਹੇ ਵਿਚ ਚੰਨੀ ’ਤੇ ਇਸ ਤਾਲਮੇਲ ਕਮੇਟੀ ਵਿਚ ਭਾਰੀ ਦਬਾਅ ਰਹੇਗਾ ਪਰ ਹੁਣ ਤੱਕ ਦੇ ਘਟਨਾਕ੍ਰਮ ਤੋਂ ਸਾਫ਼ ਹੈ ਕਿ ਚੰਨੀ ਖ਼ੁਦ ਨੂੰ ਮਜ਼ਬੂਤ ਨੇਤਾ ਦੇ ਰੂਪ ਵਿਚ ਸਥਾਪਿਤ ਕਰ ਚੁੱਕੇ ਹਨ। ਉਹ ਜਾਣਦੇ ਹਨ ਕਿ ਮੌਜੂਦਾ ਰਾਜਨੀਤਕ ਹਾਲਾਤ ਵਿਚ ਕਾਂਗਰਸ ਕਿਸੇ ਵੀ ਸੂਰਤ ਵਿਚ ਉਨ੍ਹਾਂ ਨੂੰ ਹਟਾ ਨਹੀਂ ਸਕਦੀ। ਅਮਰਿੰਦਰ ਸਿੰਘ ਨੂੰ ਹਟਾਉਣ ਲਈ ਚਾਹੇ ਕਾਂਗਰਸ ਨੇ ਸਾਢੇ 4 ਸਾਲ ਦੇ ਉਨ੍ਹਾਂ ਦੇ ਸ਼ਾਸਨ ਦੀ ਨਾਕਾਮੀ ਨੂੰ ਬਹਾਨਾ ਬਣਾਇਆ ਹੋਵੇ ਪਰ ਚੰਨੀ ਨੂੰ ਸਿਰਫ਼ ਕੁਝ ਦਿਨ ਬਾਅਦ ਹਟਾਉਣ ਲਈ ਉਸ ਨੂੰ ਵੀ ਪੰਜਾਬ ਦੀ ਜਨਤਾ ਦੇ ਸਾਹਮਣੇ ਕੁੱਝ ਠੋਸ ਤੱਥ ਰੱਖਣੇ ਹੋਣਗੇ। ਨਵਜੋਤ ਸਿੱਧੂ ਵੀ ਇਹ ਗੱਲ ਜਾਣਦੇ ਹਨ ਕਿ ਚੰਨੀ ਨੂੰ ਹਟਾਉਣਾ ਇਸ ਸਮੇਂ ਪਾਰਟੀ ਲਈ ਟੇਢੀ ਖੀਰ ਬਣ ਚੁੱਕਿਆ ਹੈ ਅਤੇ ਜਿਸ ਤੇਜ਼ ਰਫ਼ਤਾਰ ਨਾਲ ਚੰਨੀ ਚੱਲ ਰਹੇ ਹਨ, ਉਸ ਦੇ ਚੱਲਦੇ ਆਗਾਮੀ ਚੋਣਾਂ ਵਿਚ ਚੰਨੀ ਹੀ ਪਾਰਟੀ ਦਾ ਚਿਹਰਾ ਬਣਨਗੇ। ਇਸ ਲਈ ਸਿੱਧੂ ਨੂੰ ਮਜਬੂਰਨ ਚੁੱਪ ਰਹਿਣਾ ਪਵੇਗਾ।

ਇਹ ਵੀ ਪੜ੍ਹੋ : ਮੰਤਰੀ ਰਾਜਾ ਵੜਿੰਗ ਵੱਲੋਂ 'ਲੁਧਿਆਣਾ ਬੱਸ ਅੱਡੇ' ਦੀ ਅਚਨਚੇਤ ਚੈਕਿੰਗ, ਹੱਥੀਂ ਚੁੱਕਿਆ ਕੂੜਾ-ਕਰਕਟ (ਤਸਵੀਰਾਂ)
ਵੱਡਾ ਸਵਾਲ ਉਹੀ, ਕਾਂਗਰਸ ਵਿਚ ਕੌਣ ਲੈ ਰਿਹੈ ਫ਼ੈਸਲੇ
ਕਾਂਗਰਸ ਵਿਚ ਅਸੰਤੁਸ਼ਟ ਜੀ-23 ਦੇ ਨੇਤਾ ਵੀ ਇਹ ਸਵਾਲ ਉਠਾ ਰਹੇ ਹਨ ਕਿ ਕਾਂਗਰਸ ਵਿਚ ਫ਼ੈਸਲੇ ਕੌਣ ਲੈ ਰਿਹਾ ਹੈ। ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਤੋਂ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਉਣ ਤਕ ਦੇ ਫ਼ੈਸਲੇ ਚਰਚਾ ਵਿਚ ਹਨ, ਜਿਸ ਦੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਹੀ ਨਵਜੋਤ ਸਿੱਧੂ ਨੂੰ ਪੰਜਾਬ ਵਿਚ ਕਾਂਗਰਸ ਪ੍ਰਧਾਨ ਬਣਾਇਆ ਅਤੇ ਕੈਪਟਨ ਦੀ ਰੁਖ਼ਸਤੀ ਦਾ ਮਾਹੌਲ ਤਿਆਰ ਕੀਤਾ, ਜਦੋਂ ਕਿ ਦੋਵੇਂ ਹੀ ਪੰਜਾਬ ਮਾਮਲਿਆਂ ਵਿਚ ਕਿਸੇ ਕਿਸਮ ਦੇ ਦਖ਼ਲ ਦੇਣ ਦਾ ਅਧਿਕਾਰ ਨਹੀਂ ਰੱਖਦੇ। ਇਨ੍ਹਾਂ ਵਿਚ ਰਾਹੁਲ ਗਾਂਧੀ ਆਪਣੇ ਪਰਿਵਾਰ ਦੀ ਪਰੰਪਰਾਗਤ ਅਮੇਠੀ ਸੀਟ ਗੁਆ ਚੁੱਕੇ ਹਨ, ਜਦੋਂ ਕਿ ਪ੍ਰਿਯੰਕਾ ਗਾਂਧੀ ਨੇ ਕਦੇ ਚੁਣਾਵੀ ਰਾਜਨੀਤੀ ਦਾ ਸਾਹਮਣਾ ਨਹੀਂ ਕੀਤਾ।

ਇਹ ਵੀ ਪੜ੍ਹੋ : ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਹੰਗਾਮਾ, ਖ਼ਤਰਨਾਕ ਗੈਂਗਸਟਰ ਤੇ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ
ਪਾਰਟੀ ਵਿਚ ਹੀ ਕਈਆਂ ਦੇ ਨਿਸ਼ਾਨੇ ’ਤੇ ਹਨ ਸਿੱਧੂ
ਨਵਜੋਤ ਸਿੰਘ ਸਿੱਧੂ ਵਿਰੋਧੀ ਧਿਰ ਹੀ ਨਹੀਂ ਸਗੋਂ ਕਾਂਗਰਸ ਵਿਚ ਵੀ ਕਈ ਸੀਨੀਅਰ ਨੇਤਾਵਾਂ ਦੇ ਨਿਸ਼ਾਨੇ ’ਤੇ ਹਨ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਸਿੱਧੂ ਖ਼ਿਲਾਫ਼ ਬਿਆਨ ਦਾਗ ਰਹੇ ਹਨ। ਨਾਲ ਹੀ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰਵਨੀਤ ਬਿੱਟੂ ਵੀ ਸੋਸ਼ਲ ਮੀਡੀਆ ਰਾਹੀਂ ਸਿੱਧੂ ’ਤੇ ਟਿੱਪਣੀਆਂ ਕਰਨ ਅਤੇ ਨਸੀਹਤ ਦੇਣ ਤੋਂ ਨਹੀਂ ਖੁੰਝ ਰਹੇ। ਹਾਲਾਂਕਿ ਸਿੱਧੂ ਨੇ ਹੀ ਪਹਿਲਾਂ ਅਮਰਿੰਦਰ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਬਿਆਨਬਾਜ਼ੀ ਸ਼ੁਰੂ ਕੀਤੀ ਸੀ ਅਤੇ ਉਦੋਂ ਪਾਰਟੀ ਹਾਈਕਮਾਨ ਉਸ ’ਤੇ ਅੱਖਾਂ ਬੰਦ ਕਰੀ ਬੈਠੇ ਰਹੀ ਸੀ, ਇਸ ਲਈ ਹੁਣ ਹਾਈਕਮਾਨ ਸਿੱਧੂ ਖ਼ਿਲਾਫ਼ ਬੋਲਣ ਵਾਲਿਆਂ ਨੂੰ ਅਨੁਸ਼ਾਸਨ ਦਾ ਪਾਠ ਨਹੀਂ ਪੜ੍ਹਾ ਸਕਦੀ।
ਵਿਚਾਲੇ ਲਟਕਿਆ ਰਜ਼ੀਆ ਸੁਲਤਾਨਾ ਸਬੰਧੀ ਫ਼ੈਸਲਾ
ਨਵਜੋਤ ਸਿੱਧੂ ਨੇ ਹਾਲਾਂਕਿ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਨਹੀਂ ਲਿਆ ਹੈ ਪਰ ਪਾਰਟੀ ਲੀਡਰਸ਼ਿਪ ਨੇ ਉਸ ਨੂੰ ਮਨਜ਼ੂਰ ਵੀ ਨਹੀਂ ਕੀਤਾ ਹੈ। ਇਸੇ ਤਰ੍ਹਾਂ ਸਿੱਧੂ ਪ੍ਰਤੀ ਇੱਕਜੁਟਤਾ ਜਤਾਉਣ ਲਈ ਅਸਤੀਫ਼ਾ ਦੇਣ ਵਾਲੀ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦਾ ਫ਼ੈਸਲਾ ਵੀ ਵਿਚਕਾਰ ਹੀ ਲਟਕਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿੱਧੂ ਦੇ ਅਸਤੀਫ਼ੇ ’ਤੇ ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਹੀ ਰਜ਼ੀਆ ਦੇ ਸਬੰਧ ਵਿਚ ਫੈਸਲਾ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita