ਚੰਨੀ ਕੋਲ ਨਹੀਂ ਕੋਈ ਨੈਤਿਕਤਾ, ਸਿਟੀ ਸੈਂਟਰ ਘਪਲੇ ’ਚ ਉਸ ਨੇ ਮੇਰੇ ਕੋਲ ਕੀਤੀ ਸੀ ਪਹੁੰਚ : ਸੁਖਬੀਰ

11/25/2021 8:56:16 PM

ਦਸੂਹਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੋਈ ਨੈਤਿਕਤਾ ਨਹੀਂ ਹੈ ਤੇ ਉਨ੍ਹਾਂ ਨੇ ਤਾਂ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਮਨਮੋਹਨ ਸਿੰਘ ਦਾ ਨਾਂ ਕੱਢਵਾਉਣ ਵਾਸਤੇ ਉਨ੍ਹਾਂ ਕੋਲ ਪਹੁੰਚ ਕੀਤੀ ਸੀ। 

ਇਥੇ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਦੇ ਹੱਥ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਵੇਲੇ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਨੂੰ ਬਚਾਉਣ ਲਈ ਚੰਨੀ ਨੂੰ ਮੇਰੇ ਕੋਲ ਆਉਣ ਵਿਚ ਕੋਈ ਹਿਚਕਿਚਾਹਟ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਉਨ੍ਹਾਂ ਤਰਲੇ ਕੱਢੇ ਤੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਹਮਾਇਤ ਅਕਾਲੀ ਦਲ ਨੂੰ ਦਿੱਤੀ। 

ਇਹ ਵੀ ਪੜ੍ਹੋ- ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਸਸਪੈਂਡ, ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਬਣੇ ਨਵੇਂ ਮੇਅਰ
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪਹਿਲਾਂ ਉਸ ਤਰੀਕੇ ’ਤੇ ਝਾਤ ਮਾਰਨ ਜਿਸ ਤਰੀਕੇ ਉਨ੍ਹਾਂ ਭ੍ਰਿਸ਼ਟਾਚਾਰ ਵਿਚ ਫਸੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਲਈ ਕਿਸ ਤਰੀਕੇ ਤਰਲੇ ਕੀਤੇ ਸਨ। ਉਨ੍ਹਾਂ ਕਿਹਾ ਕਿ ਤੁਹਾਡਾ ‘ਮੀ ਟੂ’ ਮਾਮਲਾ ਵੀ ਹਾਲੇ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਤੁਹਾਨੂੰ ਸੋਭਦਾ ਹੈ ਕਿ ਤੁਸੀਂ ਨੈਤਿਕਤਾ ਦੀ ਗੱਲ ਕਰੋ ਜਾਂ ਫਿਰ ਭ੍ਰਿਸ਼ਟਾਚਾਰ ਬਾਰੇ ਗੱਲ ਕਰੋ ਜਿਸਦੀ ਅਗਵਾਈ ਤੁਸੀਂ ਆਪ ਕਰਦੇ ਰਹੇ ਹੋ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਉਨ੍ਹਾਂ ਕਿਹਾ ਕਿ ਤੁਸੀਂ ਜਿਹੜੇ ਸਾਢੇ ਪੰਜ ਰੁਪਏ ਫੁੱਟ ਰੇਤਾ ਲੋਕਾਂ ਵਾਸਤੇ ਕਰਨ ਦਾ ਦਾਅਵਾ ਕੀਤਾ ਸੀ, ਉਹ ਕਿਥੇ ਹੈ ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਬਿਜਲੀ ਬਿੱਲਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੋਤੀ ਦਾ ਐਲਾਨ ਕਰਨ ਦੇ ਬਾਵਜੂਦ ਖਪਤਕਾਰਾਂ ਨੂੰ ਪਹਿਲਾਂ ਦੀਆਂ ਦਰਾਂ ਮੁਤਾਬਕ ਬਿੱਲ ਕਿਉਂ ਮਿਲ ਰਹੇ ਹਨ?

ਸਰਦਾਰ ਬਾਦਲ ਨੇ ਕਿਹਾ ਕਿ ਚੰਨੀ ਪੰਜਾਬੀਆਂ ਨੂੰ ਧੋਖਾ ਦੇਣ ਲਈ ਝੁਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਦਾ ਖਰੜ-ਰੋਪੜ ਪੱਟੀ ’ਤੇ ਗੈਰ ਕਾਨੂੰਨੀ ਮਾਇਨਿੰਗ ’ਤੇ ਪੂਰਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਇਹੀ ਨਹੀਂ ਬਲਕਿ ਚੰਨੀ ਸੂਬੇ ਦੇ ਸਭ ਤੋਂ ਵੱਡੇ ਗੈਰ ਕਾਨੂੰਨੀ ਕਲੌਨਾਈਜ਼ਰ ਹਨ।

ਜਦੋਂ ਉਨ੍ਹਾਂ ਤੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਦਾਅਵੇ ਬਾਰੇ ਪੁੱਛਿਆ ਗਿਆ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੇ 14 ਕਰੋੜ ਰੁਪਏ ਟੈਕਸਾਂ ਦੇ ਬਕਾਏ ਦੇਣੇ ਸਨ, ਜੋ ਉਨ੍ਹਾਂ ਨੇ ਉਗਰਾਹੇ ਹਨ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹਨਾਂ ਦੀਆਂ ਰਸੀਦਾਂ ਵਿਖਾਵੇ। ਉਨ੍ਹਾਂ ਕਿਹਾ ਕਿ 14 ਕਰੋੜ ਰੁਪਏ ਦੀ ਗੱਲ ਛੱਡੋ ਮੈਂ ਇਹ ਕਹਿੰਦਾ ਹਾਂ ਕਿ 10 ਕਰੋੜ ਜਾਂ 5 ਕਰੋੜ ਦੀਆਂ ਰਸੀਦਾਂ ਹੀ ਵਿਖਾ ਦੇਵੇ ਜੋ ਮੇਰੇ ਪਰਿਵਾਰ ਦੀ ਮਾਲਕੀ ਵਾਲੀ ਕਿਸੇ ਵੀ ਟਰਾਂਸਪੋਰਟ ਕੰਪਨੀ ਤੋਂ ਉਗਰਾਹਿਆ ਹੋਵੇ।
ਇਸ ਦੌਰਾਨ ਇਕ ਵੱਡਾ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਉਣ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਸਰਕਾਰ ਬਦਨ ’ਤੇ ਕੰਡੀ ਇਲਾਕੇ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਸ਼ੇਸ਼ ਨੀਤੀ ਬਣਾਈ ਜਾਵੇਗੀ। 

ਇਹ ਵੀ ਪੜ੍ਹੋ-  ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ: ਚੰਨੀ

ਇਸ ਤੋਂ ਪਹਿਲਾਂ ਸਵੇਰੇ ਇਥੇ ਪਹੁੰਚਣ ’ਤੇ ਸਰਦਾਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਉਤਸ਼ਾਹਿ ਇੰਨਾ ਜ਼ਿਆਦਾ ਸੀ ਕਿ ਸੈਂਕੜੇ ਨੌਜਵਾਨ ਸਾਰਾ ਦਿਨ ਹਲਕੇ ਵਿਚ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਨੇ ਪਿੰਡ ਬੋਦਲ ਬੇਰ ਸ਼ਾਹ, ਬੁਢੋ ਬਰਕਤ, ਘੋਗਰਾ ਤੇ ਤਲਵਾੜਾ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਤੇ ਗੁਰਦੁਆਰਾ ਗਰਨਾ ਸਾਹਿਬ ਤੇ ਤਪ ਅਸਥਾਨ ਬਾਬਾ ਘੜ੍ਹਾ ਦਾਸ ਜੀ ਵਿਖੇ ਮੱਥਾ ਵੀ ਟੇਕਿਆ। 

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੋਤ ਸਿੰਘ ਸਾਬੀ, ਬਲਬੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ ਤੇ ਗੁਰਪ੍ਰੀਤ ਸਿੰਘ ਚੀਮਾ ਵੀ ਹਲਕੇ ਦੇ ਦੌਰੇ ਵੇਲੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਰਹੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Bharat Thapa

This news is Content Editor Bharat Thapa